ਮਾਸਕੋ ''ਚ ਮਸ਼ਹੂਰ ਮਿਊਜ਼ੀਅਮ ''ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਅਮਰੀਕਾ ਨੇ ਜਾਰੀ ਕੀਤਾ ਅਲਰਟ
Saturday, Oct 31, 2026 - 10:25 PM (IST)
ਮਾਸਕੋ : ਰੂਸ ਦੀ ਰਾਜਧਾਨੀ ਮਾਸਕੋ ਸਥਿਤ ਪ੍ਰਸਿੱਧ 'ਤਸਾਰਿਤਸਿਨੋ ਮਿਊਜ਼ੀਅਮ ਰਿਜ਼ਰਵ' 'ਤੇ ਸੰਭਾਵੀ ਅੱਤਵਾਦੀ ਹਮਲੇ ਦੇ ਖ਼ਤਰੇ ਨੂੰ ਦੇਖਦਿਆਂ ਅਮਰੀਕਾ ਵੱਲੋਂ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ ਹੈ। ਰੂਸ ਦੀ ਸੰਘੀ ਸੁਰੱਖਿਆ ਏਜੰਸੀ (FSB) ਨੂੰ ਅਮਰੀਕਾ ਵੱਲੋਂ ਮਾਸਕੋ ਵਿੱਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਲ ਜੁੜੀ ਖੁਫ਼ੀਆ ਜਾਣਕਾਰੀ ਪ੍ਰਾਪਤ ਹੋਈ ਹੈ। ਰੂਸੀ ਸਮਾਚਾਰ ਏਜੰਸੀ 'ਆਰ.ਆਈ.ਏ.' (RIA) ਮੁਤਾਬਕ, FSB ਨੇ ਦੱਸਿਆ ਕਿ ਇਹ ਜਾਣਕਾਰੀ ਸਾਂਝੇਦਾਰ ਚੈਨਲਾਂ ਰਾਹੀਂ ਮਿਲੀ ਹੈ, ਜਿਸ ਤੋਂ ਬਾਅਦ ਰੂਸੀ ਸੁਰੱਖਿਆ ਏਜੰਸੀਆਂ ਨੇ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਮਾਸਕੋ ਸਥਿਤ ਅਮਰੀਕੀ ਦੂਤਾਵਾਸ ਨੇ 31 ਅਕਤੂਬਰ ਨੂੰ ਤਸਾਰਿਤਸਿਨੋ ਮਿਊਜ਼ੀਅਮ ਰਿਜ਼ਰਵ ਵਿੱਚ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਹੋਣ ਦੇ ਖ਼ਤਰੇ ਦਾ ਖਦਸ਼ਾ ਜ਼ਾਹਰ ਕੀਤਾ ਹੈ। ਅਮਰੀਕੀ ਸਰਕਾਰ ਇਸ ਖ਼ਤਰੇ ਨਾਲ ਨਜਿੱਠਣ ਲਈ ਰੂਸੀ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਹੈ। ਦੂਤਾਵਾਸ ਨੇ ਆਪਣੇ ਨਾਗਰਿਕਾਂ ਅਤੇ ਸਥਾਨਕ ਲੋਕਾਂ ਨੂੰ ਤਸਾਰਿਤਸਿਨੋ ਮਿਊਜ਼ੀਅਮ ਦੇ ਇਲਾਕੇ ਤੋਂ ਦੂਰ ਰਹਿਣ, ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਬਚਣ, ਮੋਬਾਈਲ ਫ਼ੋਨ ਅਤੇ ਹੋਰ ਬੈਟਰੀਆਂ ਚਾਰਜ ਰੱਖਣ ਅਤੇ ਆਪਣੀ ਨਿੱਜੀ ਸੁਰੱਖਿਆ ਯੋਜਨਾ ਦੀ ਸਮੀਖਿਆ ਕਰਨ ਦੀ ਹਦਾਇਤ ਕੀਤੀ ਹੈ।
ਤਸਾਰਿਤਸਿਨੋ ਮਿਊਜ਼ੀਅਮ ਰੂਸ ਦੀ ਰਾਜਧਾਨੀ ਮਾਸਕੋ ਦਾ ਇੱਕ ਬਹੁਤ ਹੀ ਮਸ਼ਹੂਰ ਅਤੇ ਇਤਿਹਾਸਕ ਸੈਰ-ਸਪਾਟਾ ਕੇਂਦਰ ਹੈ। ਇਸ ਨੂੰ ਸਾਲ 1775 ਵਿੱਚ ਰੂਸ ਦੀ ਮਹਾਰਾਣੀ ਕੈਥਰੀਨ ਦੂਜੀ ਦੇ ਗਰਮੀਆਂ ਦੇ ਰਿਹਾਇਸ਼ੀ ਅਸਥਾਨ ਵਜੋਂ ਬਣਾਇਆ ਗਿਆ ਸੀ। ਸਾਲ 2022 ਵਿੱਚ ਇਸ ਮਿਊਜ਼ੀਅਮ ਵਿੱਚ 20 ਲੱਖ ਤੋਂ ਵੱਧ ਸੈਲਾਨੀ ਪਹੁੰਚੇ ਸਨ। ਇਹ ਸਥਾਨ ਸਥਾਨਕ ਲੋਕਾਂ ਵਿੱਚ ਵੀ ਸੈਰ-ਸਪਾਟੇ ਅਤੇ ਸ਼ਰੀਰਕ ਗਤੀਵਿਧੀਆਂ ਲਈ ਕਾਫ਼ੀ ਪ੍ਰਸਿੱਧ ਹੈ।
ਅਮਰੀਕੀ ਦੂਤਾਵਾਸ ਵੱਲੋਂ ਇਹ ਅਲਰਟ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਰੂਸ ਅਤੇ ਯੂਕ੍ਰੇਨ ਵਿਚਕਾਰ ਚੱਲ ਰਹੀ ਜੰਗ ਕਾਰਨ ਤਣਾਅ ਬਹੁਤ ਵਧਿਆ ਹੋਇਆ ਹੈ। ਹਾਲ ਹੀ ਵਿੱਚ ਯੂਕ੍ਰੇਨ ਨੇ ਦੱਖਣੀ ਰੂਸ ਵਿੱਚ ਇੱਕ ਤੇਲ ਰਿਫ਼ਾਇਨਰੀ ਨੂੰ ਨਿਸ਼ਾਨਾ ਬਣਾਇਆ ਸੀ।
