ਸੋਸ਼ਲ ਮੀਡੀਆ ਇਨਫਲੂਐਂਸਰ Mr Patlo ਦੇ ਵਿਆਹ ਸਮਾਗਮ ਦੌਰਾਨ ਮਚੀ ਭਜਦੌੜ ; 2 ਮੌਤਾਂ, ਕਈ ਜ਼ਖ਼ਮੀ
Monday, Nov 02, 2026 - 05:32 PM (IST)
ਲਾਹੋਰ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇੱਕ ਪ੍ਰਸਿੱਧ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਵਿਆਹ ਸਮਾਗਮ ਦੌਰਾਨ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਅਚਾਨਕ ਇਕ ਐਲਾਨ ਮਗਰੋਂ ਭਜਦੌੜ ਮਚ ਗਈ। ਮਚੀ ਭਜਦੌੜ ਵਿੱਚ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਦਰਜਨਾਂ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਸਮਾਗਮ ਵਿਚ ਮੌਕੇ 'ਤੇ ਸਮਰੱਥਾ ਨਾਲੋਂ ਕਿਤੇ ਜ਼ਿਆਦਾ ਲੋਕ ਮੌਜੂਦ ਸਨ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਸਿਆਲਕੋਟ ਦੇ ਫਰਾਜ਼ ਸਪੋਰਟਸ ਸਟੇਡੀਅਮ ਵਿੱਚ ਵਾਪਰੀ, ਜੋ ਸੂਬਾਈ ਰਾਜਧਾਨੀ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਹੈ। ਪੁਲਸ ਅਨੁਸਾਰ ਟਿਕਟੋਕਰ ਅੰਸਰ ਮਹਿਮੂਦ - ਜਿਸਨੂੰ 'ਮਿਸਟਰ ਪਤਲੋ' ਵਜੋਂ ਵੀ ਜਾਣਿਆ ਜਾਂਦਾ ਹੈ , ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਲੋਕਾਂ ਨੂੰ ਆਪਣੀ 'ਮਹਿੰਦੀ' ਰਸਮ ਵਿੱਚ ਸੱਦਾ ਦਿੱਤਾ ਸੀ ਅਤੇ ਆਕਰਸ਼ਣ ਵਜੋਂ ਕਈ ਤਰ੍ਹਾਂ ਦੇ ਇਨਾਮ ਦੇਣ ਦਾ ਵਾਅਦਾ ਕੀਤਾ ਸੀ, ਜਿਨ੍ਹਾਂ ਵਿੱਚ 2 ਕਰੋੜ ਪਾਕਿਸਤਾਨੀ ਰੁਪਏ ਦੀ ਨਕਦੀ, ਇੱਕ ਕਾਰ, 50 ਮੋਟਰਸਾਈਕਲ, ਮੋਬਾਈਲ ਫੋਨ ਅਤੇ ਹੋਰ ਕੀਮਤੀ ਤੋਹਫ਼ੇ ਸ਼ਾਮਲ ਸਨ।
ਮਿਲੀ ਜਾਣਕਾਰੀ ਅਨੁਸਾਰ ਪ੍ਰੋਗਰਾਮ ਦੀ ਖ਼ਬਰ ਵਾਇਰਲ ਹੁੰਦਿਆਂ ਹੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੌਕੇ 'ਤੇ ਪਹੁੰਚ ਗਏ। ਸੋਸ਼ਲ ਮੀਡੀਆ ਇਨਫਲੂਐਂਸਰ ਨੇ ਸਟੇਜ ਤੋਂ ਐਲਾਨ ਕੀਤਾ ਕਿ ਲੋਕ ਤੁਰੰਤ ਫਰਾਜ਼ ਸਪੋਰਟਸ ਸਟੇਡੀਅਮ ਦੇ ਅੰਦਰ ਆ ਜਾਣ, ਜਿਸ ਕਾਰਨ ਲੋਕਾਂ ਦੀ ਭੀੜ ਗੇਟਾਂ ਵੱਲ ਦੌੜ ਪਈ ਅਤੇ ਭਜਦੌੜ ਮੱਚ ਗਈ। ਭਜਦੌੜ ਵਿੱਚ ਕਈ ਲੋਕ ਹੇਠਾਂ ਡਿੱਗ ਗਏ ਅਤੇ ਭੀੜ ਦੁਆਰਾ ਕੁਚਲੇ ਗਏ। ਐਮਰਜੈਂਸੀ ਸੇਵਾਵਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਸ ਦੇਸ਼ ਦਾ 'ਸਿੰਗਲ' ਲੋਕਾਂ ਲਈ ਫ੍ਰੀ ਯਾਤਰਾ ਦਾ ਆਫ਼ਰ ! ਅਪਲਾਈ ਕਰਨ ਦੀ ਪ੍ਰਕਿਰਿਆ ਵੀ ਦਿਲਚਸਪ
ਸਥਾਨਕ ਪੁਲਸ ਅਨੁਸਾਰ ਆਯੋਜਕਾਂ ਦੁਆਰਾ ਇਸ ਸਮਾਗਮ ਲਈ ਲੋੜੀਂਦੀਆਂ ਸੁਰੱਖਿਆ ਮਨਜ਼ੂਰੀਆਂ ਅਤੇ ਪੁਲਸ ਇੰਤਜ਼ਾਮ ਨਹੀਂ ਕੀਤੇ ਗਏ ਸਨ। ਪੁਲਸ ਅਧਿਕਾਰੀ ਦੋਸਤ ਮੁਹੰਮਦ ਨੇ ਦੱਸਿਆ ਕਿ ਟਿਕਟੋਕਰ ਮਹਿਮੂਦ ਸਮੇਤ ਨਾਮਜ਼ਦ ਕੀਤੇ ਗਏ 9 ਵਿਅਕਤੀਆਂ ਅਤੇ 45 ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ 6 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਭਜਦੌੜ ਵਿੱਚ ਰਿਹਾਨ ਅਤੇ ਅਦੀਲ ਨਾਮ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਦਰਜ ਕੀਤੀ ਗਈ ਐਫ.ਆਈ.ਆਰ. (FIR) ਵਿੱਚ ਕਈ ਅਪਰਾਧਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚ ਲਾਪਰਵਾਹੀ ਕਾਰਨ ਮੌਤ, ਸਰਕਾਰੀ ਹੁਕਮਾਂ ਦੀ ਉਲੰਘਣਾ, ਜਾਇਦਾਦ ਦਾ ਨੁਕਸਾਨ ਅਤੇ ਗੈਰ-ਕਾਨੂੰਨੀ ਇਕੱਠ ਕਰਨਾ ਸ਼ਾਮਲ ਹਨ।
ਪ੍ਰਸ਼ਾਸਨ ਨੇ ਮਾਮਲੇ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਤੈਅ ਕੀਤੇ ਜਾ ਸਕਣ। ਇਸ ਦੌਰਾਨ, ਟਿਕਟੌਕਰ ਮਹਿਮੂਦ ਨੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਅਪੀਲ ਕੀਤੀ ਕਿ ਉਸ ਨੂੰ ਦੋਸ਼ਾਂ ਤੋਂ ਮੁਕਤ ਕੀਤਾ ਜਾਵੇ। ਉਸ ਦਾ ਕਹਿਣਾ ਹੈ ਕਿ ਭਾਰੀ ਭੀੜ ਕਾਰਨ ਵਾਪਰੀ ਘਾਤਕ ਘਟਨਾ (ਜਿਸ ਵਿੱਚ ਲੋਕ ਕੁਚਲੇ ਗਏ ਸਨ) ਇੱਕ ਹਾਦਸਾ ਸੀ ਅਤੇ ਜਦੋਂ ਇਹ ਵਾਪਰੀ, ਤਾਂ ਉਹ ਮੌਕੇ 'ਤੇ ਮੌਜੂਦ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
