ਕਰੋੜਾਂ ਲੋਕਾਂ ਦੇ ਡੀ. ਐੱਨ. ਏ. ਨਮੂਨੇ ਇਕੱਠੇ ਕਰ ਰਿਹੈ ਚੀਨ
Wednesday, Aug 12, 2020 - 04:29 PM (IST)
ਬੀਜਿੰਗ- ਚੀਨ ਦੀ ਸਰਕਾਰ ਦੇਸ਼ ਭਰ ਦੇ ਕਰੋੜਾਂ ਲੋਕਾਂ ਦੇ ਡੀ. ਐੱਨ. ਏ. ਸੈਂਪਲ ਇਕੱਠਾ ਕਰ ਰਹੀ ਹੈ। ਡੀ. ਐੱਨ. ਏ. ਦੀ ਮਦਦ ਨਾਲ ਇਕ ਜੈਨੇਟਿਕ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਪਿੱਛੇ ਜਿਨਪਿੰਗ ਸਰਕਾਰ ਦੀ ਇੱਛਾ ਆਪਣੇ ਲੋਕਾਂ ਦੀ ਨਿਗਰਾਨੀ ਕਰਵਾਉਣ ਦੀ ਹੈ। ਟੋਰਾਂਟੋ ਯੂਨੀਵਰਸਿਟੀ ਵਿਚ ਪਾਲੀਟਿਕਲ ਸਾਇੰਸ ਦੇ ਪੀ. ਐੱਚ. ਡੀ. ਸਟੂਡੈਂਟ ਐਮਿਲ ਡਰਕ ਅਤੇ ਚੀਨ ਦੇ ਜਾਤੀ ਮੁੱਦਿਆਂ ਦੇ ਐਕਸਪਰਟ ਜੇਮਸ ਲਿਬਾਲਟ ਨੇ ਨਿਊਯਾਰਕ ਟਾਈਮਜ਼ ਵਿਚ ਇਕ ਆਰਟੀਕਲ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਚੀਨ ਵਿਚ ਸਰਕਾਰ ਨਾਲ ਅਸੰਤੋਸ਼ ਜਤਾਉਣਾ ਸਭ ਤੋਂ ਵੱਡਾ ਅਪਰਾਧ ਹੈ। ਪੁਲਸ ਦਾ ਸਭ ਤੋਂ ਜ਼ਰੂਰੀ ਕੰਮ ਇਸ ਅਸੰਤੋਸ਼ ਨੂੰ ਦਬਾਉਣਾ ਹੈ। ਇਸ ਕਾਰਨ ਡੀ. ਐੱਨ. ਏ. ਸੈਂਪਲ ਇਕੱਠੇ ਕੀਤੇ ਜਾ ਰਹੇ ਹਨ ਤਾਂ ਕਿ ਨਿਗਰਾਨੀ ਦੀ ਸਾਜਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਮੁਤਾਬਕ ਅਧਿਕਾਰੀਆਂ ਦਾ ਟੀਚਾ ਸਾਢੇ ਤਿੰਨ ਕਰੋੜ ਤੋਂ ਲੈ ਕੇ 7 ਕਰੋੜ ਲੋਕਾਂ ਦਾ ਡੀ. ਐੱਨ. ਏ. ਸੈਂਪਲ ਇਕੱਠੇ ਕਰਨਾ ਹੈ। ਇਹ ਸੈਂਪਲ ਸਰਕਾਰ ਲਈ ਵੱਡਾ ਹਥਿਆਰ ਹਨ, ਜਿਸ ਰਾਹੀਂ ਚੀਨੀ ਪ੍ਰਸ਼ਾਸਨ ਲੋਕਾਂ ਨੂੰ ਆਸਾਨੀ ਨਾਲ ਟਰੈਕ ਕਰ ਸਕੇਗਾ। ਹਾਲਾਂਕਿ ਚੀਨੀ ਸਰਕਾਰ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ। ਲੇਖਕਾਂ ਨੇ ਚੀਨ ਦੇ ਇਸ ਪ੍ਰੋਗਰਾਮ ਦਾ ਵੱਡੇ ਪੱਧਰ 'ਤੇ ਖੁਲਾਸਾ ਕੀਤਾ ਹੈ। ਉਨ੍ਹਾਂ ਇਸ ਦੇ ਸਬੂਤ ਵੀ ਦਿਖਾਏ ਹਨ। ਚੀਨ ਦੀ ਸਿਚੂਆਨ ਸੂਬੇ ਦੀ ਸਰਕਾਰੀ ਵੈੱਬਸਾਈਟ 'ਤੇ 16 ਜੂਨ ਦੀ ਰਿਪੋਰਟ ਮਿਲੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਿਸ ਤਰ੍ਹਾਂ 17 ਪਬਲਿਕ ਦਫਤਰਾਂ ਤੋਂ 6 ਲੱਖ ਪੁਰਸ਼ਾਂ ਦੇ ਡੀ. ਐੱਨ. ਏ. ਸੈਂਪਲ ਇਕੱਠੇ ਕੀਤੇ ਗਏ ਹਨ। ਇਸਦੇ ਨਾਲ ਹੀ ਸਕੂਲੀ ਬੱਚਿਆਂ ਦੇ ਖੂਨ ਦੇ ਨਮੂਨੇ ਵੀ ਇਕੱਠੇ ਕੀਤੇ ਜਾ ਰਹੇ ਹਨ। ਇਹ ਸੰਯੁਕਤ ਰਾਸ਼ਟਰ ਦੇ ਬੱਚਿਆਂ ਦੇ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ।