ਤਿੱਬਤ 'ਚ ਬੁੱਧ ਧਰਮ ਦੇ ਸਫਾਏ 'ਚ ਜੁੱਟਿਆ ਚੀਨ, ਤੋੜੀਆਂ ਜਾ ਰਹੀਆਂ ਹਨ ਬੁੱਧ ਧਰਮ ਨਾਲ ਸਬੰਧਤ ਮੂਰਤੀਆਂ
Sunday, Jun 05, 2022 - 06:23 PM (IST)
ਕੌਮਾਂਤਰੀ ਡੈਸਕ- ਤਿੱਬਤ 'ਚ ਆਪਣਾ ਦਬਦਬਾ ਬਣਾਏ ਰੱਖਣ ਲਈ ਚੀਨ ਲਗਾਤਾਰ ਬੁੱਧ ਧਰਮ ਦੇ ਸਫਾਏ 'ਚ ਲੱਗਾ ਹੋਇਆ ਹੈ। ਦਰਅਸਲ ਮਾਓ ਦੀ ਸੱਭਿਆਚਾਰਕ ਕ੍ਰਾਂਤੀ ਦੇ ਬਾਅਦ ਚੀਨ ਲਗਾਤਾਰ ਬੁੱਧ ਧਰਮ ਨੂੰ ਨਿਸ਼ਾਨਾ ਬਣਾ ਰਿਹਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ 'ਚ ਵੀ ਬੁੱਧ ਧਰਮ ਨੂੰ ਮੰਨਣ ਵਾਲਿਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਜਾਰੀ ਹੈ। ਚੀਨ ਤਿੱਬਤੀ ਆਸਥਾ ਤੇ ਲੋਕਾਂ ਨੂੰ ਉਨ੍ਹਾਂ ਦੀਆਂ ਰਿਵਾਇਤਾਂ ਨੂੰ ਬਣਾਏ ਰੱਖਣ ਦੇ ਹੱਕ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਬੁੱਧ ਧਰਮ ਦੀਆਂ ਮੂਰਤੀਆਂ ਨਸ਼ਟ ਕਰ ਰਿਹਾ ਹੈ।
ਤਿੱਬਤ ਪ੍ਰੈੱਸ ਰਿਪੋਰਟ ਦੇ ਮੁਤਾਬਕ ਸ਼ੀ ਜਿਨਪਿੰਗ ਸਰਕਾਰ ਨੇ ਦਸੰਬਰ 2021 ਤੋਂ ਹੁਣ ਤਕ ਤਿੱਬਤ 'ਚ ਗੌਤਮ ਬੁੱਧ ਦੀਆਂ ਤਿੰਨ ਮੂਰਤੀਆਂ ਨਸ਼ਟ ਕਰ ਦਿੱਤੀਆਂ ਹਨ। ਪਿਛਲੇ ਕੁਝ ਦਿਨਾਂ 'ਚ ਕਈ ਥਾਵਾਂ 'ਤੇ ਤਿੱਬਤੀ ਮਠਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਤੇ ਭਿਕਸ਼ੂਆਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੁੱਧ ਧਰਮ ਦੀਆਂ ਮੂਰਤੀਆਂ ਨੂੰ ਨਸ਼ਟ ਕਰਨ ਦਾ ਚੀਨ ਦਾ ਇਰਾਦਾ ਤਿੱਬਤੀਆਂ ਦੇ ਵਿਸ਼ਵਾਸ਼ ਤੇ ਤਿੱਬਤੀ ਰਿਵਾਇਤਾਂ ਨੂੰ ਸੁਰੱਖਿਅਤ ਕਰਨ ਦੇ ਉਨ੍ਹਾਂ ਦੇ ਹੱਕਾਂ ਨੂੰ ਖ਼ਤਮ ਕਰਨਾ ਹੈ। ਰਿਪੋਰਟ ਦੇ ਮੁਤਾਬਕ ਚੀਨ ਨੇ ਹਾਲ ਦੇ ਦਿਨਾਂ 'ਚ ਬੁੱਧ ਧਰਮ ਪ੍ਰਤੀ ਹਮਲਾਵਰ ਰੁਖ਼ ਅਪਣਾਇਆ ਹੈ।