ਚੀਨ ਵੱਲੋਂ ''ਬ੍ਰਿਟਿਸ਼ ਨੈਸ਼ਨਲ ਓਵਰਸੀਜ਼'' ਪਾਸਪੋਰਟ ਨੂੰ ਮਾਨਤਾ ਦੇਣ ਤੋਂ ਇਨਕਾਰ
Friday, Jan 29, 2021 - 06:05 PM (IST)
ਬੀਜਿੰਗ (ਭਾਸ਼ਾ): ਚੀਨ ਨੇ ਕਿਹਾ ਹੈ ਕਿ ਉਹ ਹੁਣ 'ਬ੍ਰਿਟਿਸ਼ ਨੈਸ਼ਨਲ ਓਵਰਸੀਜ' (ਬੀ.ਐੱਨ.ਓ.) ਪਾਸਪੋਰਟ ਨੂੰ ਵੈਧ ਯਾਤਰਾ ਦਸਤਾਵੇਜ਼ ਜਾਂ ਪਛਾਣ ਪੱਤਰ ਦੇ ਰੂਪ ਵਿਚ ਮਾਨਤਾ ਨਹੀਂ ਦੇਵੇਗਾ। ਚੀਨ ਦਾ ਇਹ ਬਿਆਨ ਹਾਂਗਕਾਂਗ ਦੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਬ੍ਰਿਟੇਨ ਦੀ ਯੋਜਨਾ ਮਗਰੋਂ ਦੋਹਾਂ ਦੇਸ਼ਾਂ ਵਿਚ ਤਣਾਅ ਵਧਣ ਦੇ ਵਿਚਕਾਰ ਆਇਆ ਹੈ।
ਚੀਨ ਦੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਝਾਓ ਲਿਜਿਆਨ ਨੇ ਸ਼ੁੱਕਰਵਾਰ ਨੂੰ ਇਸ ਪ੍ਰਭਾਵ ਦੀ ਘੋਸ਼ਣਾ ਕੀਤੀ। ਉਹਨਾਂ ਨੇ ਇਹ ਘੋਸ਼ਣਾ ਬ੍ਰਿਟੇਨ ਦੇ ਉਸ ਐਲਾਨ ਦੇ ਕੁਝ ਘੰਟਿਆਂ ਬਾਅਦ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਬੀ.ਐੱਨ.ਓ. ਵੀਜ਼ਾ ਲਈ ਐਤਵਾਰ ਤੋਂ ਅਰਜ਼ੀ ਲੈਣਾ ਸ਼ੁਰੂ ਕਰ ਦੇਵੇਗਾ। ਇਸ ਯੋਜਨਾ ਦੇ ਤਹਿਤ ਹਾਂਗਕਾਂਗ ਦੇ 54 ਲੱਖ ਲੋਕ ਬ੍ਰਿਟੇਨ ਵਿਚ ਅਗਲੇ 5 ਸਾਲ ਲਈ ਰਹਿਣ ਅਤੇ ਕੰਮ ਕਰਨ ਦੇ ਯੋਗ ਹੋਣਗੇ ਅਤੇ ਇਸ ਮਗਰੋਂ ਉਹ ਨਾਗਰਿਕਤਾ ਲਈ ਐਪਲੀਕੇਸ਼ਨ ਦੇ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਤਾਰੇਸ ਨੇ ਲਗਵਾਇਆ ਕੋਵਿਡ-19 ਟੀਕਾ
ਗੌਰਤਲਬ ਹੈ ਕਿ ਬ੍ਰਿਟੇਨ ਦੀ ਬਸਤੀ ਰਹੇ ਹਾਂਗਕਾਂਗ ਵਿਚ ਲੋਕਤੰਤਰ ਦੀ ਮੰਗ ਸੰਬੰਧੀ ਕਈ ਮਹੀਨਿਆਂ ਤੱਕ ਪ੍ਰਦਰਸ਼ਨ ਹੋਏ ਜਿਸ ਮਗਰੋਂ ਚੀਨ ਨੇ ਇੱਥੇ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ ਸੀ। ਇਸ ਮਗਰੋਂ ਹੀ ਬ੍ਰਿਟੇਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਯੋਜਨਾ 'ਤੇ ਗੱਲ ਕੀਤੀ ਸੀ। ਚੀਨ ਮੁਤਾਬਕ, ਉਹ ਬ੍ਰਿਟੇਨ ਵਿਚ ਠਹਿਰਣ ਦੀ ਇਜਾਜ਼ਤ ਨਾਲ ਹਾਂਗਕਾਂਗ ਦੇ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਬ੍ਰਿਟਿਸ਼ ਨੈਸ਼ਨਲ ਓਵਰਸੀਜ' ਪਾਸਪੋਰਟ ਨੂੰ ਮਾਨਤਾ ਨਹੀਂ ਦੇਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।