ਪਾਕਿ-ਚੀਨ ਤਿੱਬਤ ''ਚ ਕਰ ਰਹੇ ਸੰਯੁਕਤ ਯੁੱਧ ਅਭਿਆਸ, ਭਾਰਤ ਨੇ ਲਿਆ ਨੋਟਿਸ

06/11/2021 2:57:02 PM

ਇਸਲਾਮਾਬਾਦ (ਬਿਊਰੋ): ਚੀਨ ਅਤੇ ਪਾਕਿਸਤਾਨ ਨੇ ਭਾਰਤ ਨਾਲ ਸਰਹੱਦੀ ਇਲਾਕਿਆਂ ਵਿਚ ਸਥਿਤੀ ਸਧਾਰਨ ਬਣਾਉਣ ਦੀ ਗੱਲ ਕਰ ਕੇ ਇਕ ਵਾਰ ਮੁੜ ਆਪਣੀਆਂ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੀਨ ਅਤੇ ਪਾਕਿਸਤਾਨ ਦੀ ਹਵਾਈ ਸੈਨਾ ਇਨੀਂ ਦਿਨੀ ਪੂਰਬੀ ਲੱਦਾਖ ਵਿਚ ਵਾਸਤਿਕ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਪਾਰ ਤਿੱਬਤ ਵਿਚ ਸੰਯੁਕਤ ਯੁੱਧ ਅਭਿਆਸ ਕਰ ਰਹੀ ਹੈ। ਇਸ ਅਭਿਆਸ ਵਿਚ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਹਵਾ ਤੋ ਹਵਾ ਵਿਚ, ਜ਼ਮੀਨ ਤੋਂ ਹਵਾ ਵਿਚ, ਸਮੁੰਦਰ ਤੋਂ ਹਵਾ ਵਿਚ ਨਿਸ਼ਾਨਾ ਲਗਾਉਣ ਵਾਲੀਆਂ ਮਿਜ਼ਾਈਲਾਂ, ਯੂ.ਏ.ਵੀ. ਅਤੇ ਡਰੋਨ ਦੀ ਵੀ ਵਰਤੋਂ ਕਰ ਰਹੀਆਂ ਹਨ। 

ਭਾਰਤੀ ਸੈਨਾ ਨੇ ਵੀ ਇਸ ਸੰਯੁਕਤ ਯੁੱਧ ਅਭਿਆਸ 'ਤੇ ਨੋਟਿਸ ਲੈਂਦੇ ਹੋਏ ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਨਾਲ ਲੱਗਦੀ ਵਾਸਤਵਿਕ ਕੰਟਰੋਲ ਰੇਖਾ ਅਤੇ ਪੂਰਬੀ ਲੱਦਾਖ ਵਿਚ ਚੀਨ ਨਾਲ ਲਗਦੀ ਵਾਸਤਵਿਕ ਕੰਟਰੋਲ ਰੇਖਾ 'ਤੇ ਸਾਵਧਾਨੀ ਵਧਾ ਦਿੱਤੀ ਹੈ। ਉੱਥੇ ਇਸ ਯੁੱਧ ਅਭਿਆਸ ਦਾ ਸਮਾਂ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਸੂਤਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪੂਰਬੀ ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ ਨੇੜੇ ਦੇਖੇ ਗਏ ਚੀਨੀ ਸੈਨਾ ਦੇ ਲੜਾਕੂ ਜਹਾਜ਼ ਇਸੇ ਯੁੱਧ ਅਭਿਆਸ ਵਿਚ ਸ਼ਾਮਲ ਸਨ। ਉਹਨਾਂ ਨੇ ਦੱਸਿਆ ਕਿ ਤਿੱਬਤ ਵਿਚ ਜਾਰੀ ਇਹ ਸੰਯੁਕਤ ਮਿਲਟਰੀ ਅਭਿਆਸ 15 ਜੂਨ ਤੱਕ ਜਾਰੀ ਰਹੇਗਾ। 

ਸ਼ੁਰੂਆਤੀ ਸੂਚਨਾਵਾਂ ਮੁਤਾਬਕ 22 ਮਈ ਨੂੰ ਸ਼ੁਰੂ ਹੋਇਆ ਇਹ ਯੁੱਧ ਅਭਿਆਸ 15 ਦਿਨ ਦੇ ਲਈ ਸੀ ਬਾਅਦ ਵਿਚ ਇਸ ਦੀ ਮਿਆਦ ਵਧਾਈ ਗਈ। ਕਿਹਾ ਗਿਆ ਕਿ ਇਹ ਸੰਯੁਕਤ ਯੁੱਧ ਅਭਿਆਸ ਇਸ ਲਈ ਵੀ ਸਧਾਰਨ ਨਹੀਂ ਕਿਹਾ ਜਾਵੇਗਾ ਕਿਉਂਕਿ ਇਸ ਯੁੱਧ ਅਭਿਆਸ ਨਾਲ ਪੂਰਬੀ ਚੀਨ ਦੀ ਹਵਾਈ ਸੈਨਾ (ਪੀਪਲਜ਼ ਲਿਬਰੇਸ਼ਨ ਹਵਾਈ ਸੈਨਾ) ਦੇ ਸੀਨੀਅਰ ਅਧਿਕਾਰੀਆਂ ਦੇ ਇਕ ਦਲ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਪਾਕਿਸਤਾਨ ਜਾ ਕੇ ਸਿਖਲਾਈ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ - ਚੀਨ ਦੇ ਵਿਰੁੱਧ 'ਕੁਆਡ' ਨੂੰ ਅਸਰਦਾਇਕ ਬਣਾਉਣ ਦੀ ਅਮਰੀਕਾ-ਜਾਪਾਨ ਦੀ ਮੁਹਿੰਮ

ਸਕਰਟੂ ਵਿਚ ਬਣਾਇਆ ਏਅਰਬੇਸ
ਯੁੱਧ ਅਭਿਆਸ ਤੋਂ ਪਹਿਲਾਂ, ਬੀਤੇ ਸਾਲ ਪਾਕਿਸਤਾਨੀ ਸੈਨਾ ਨੇ ਸਕਰਟੂ ਵਿਚ ਏਅਰਬੇਸ 'ਤੇ ਜੇਐੱਫ-17 ਫਾਈਟਰ ਜੈੱਟ ਨੂੰ ਤਾਇਨਾਤ ਕੀਤਾ ਹੈ। ਲੱਦਾਖ ਦੇ ਬਹੁਤ ਨੇੜੇ ਇਸ ਏਅਰਬੇਸ ਦੀ ਵਰਤੋਂ ਪਾਕਿਸਤਾਨ ਨਾਲ ਚੀਨੀ ਹਵਾਈ ਸੈਨਾ ਵੀ ਕਰਦੀ ਹੈ। ਇੱਥੋਂ ਉਡਾਣ ਭਰਨ ਦੇ ਬਾਅਦ ਪਾਕਿਸਤਾਨੀ ਲੜਾਕੂ ਜਹਾਜ਼ ਮੁਸ਼ਕਲ ਨਾਲ ਪੰਜ ਮਿੰਟ ਵਿਚ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋ ਸਕਦੇ ਹਨ। ਇਸ ਹਵਾਈ ਅੱਡੇ 'ਤੇ ਭੂਮੀਗਤ ਬਾਲਣ ਸਟੇਸ਼ਨ ਅਤੇ ਹਥਿਆਰ ਡਿਪੋ ਦਾ ਵੀ ਨਿਰਮਾਣ ਕੀਤਾ ਗਿਆ ਹੈ।

ਇਸ ਲਈ ਚੁਣਿਆ ਗਿਆ ਤਿੱਬਤ
ਤਿੱਬਤ ਨੂੰ ਚੀਨ ਅਤੇ ਪਾਕਿਸਤਾਨ ਵੱਲੋਂ ਸੰਯੁਕਤ ਯੁੱਧ ਅਭਿਆਸ ਲਈ ਚੁਣੇ ਜਾਣ 'ਤੇ ਰਿਟਾਇਰ ਮੇਜਰ ਜਨਰਲ ਦਿਲਾਵਰ ਸਿੰਘ ਨੇ ਕਿਹਾ ਕਿ ਤਿੱਬਤ ਨੂੰ ਉਸ ਦੇ ਰਣਨੀਤਕ ਮਹੱਤਵ ਅਤੇ ਉਸ ਦੇ ਭੂਗੋਲਿਕ ਹਾਲਾਤ ਦੇ ਮੱਦੇਨਜ਼ਰ ਚੁਣਿਆ ਗਿਆ। ਇਹ ਪੂਰਬੀ ਲੱਦਾਖ ਦੇ ਨਾਲ ਲੱਗਦਾ ਹੈ, ਜਿੱਥੇ ਬੀਤੇ ਇਕ ਸਾਲ ਤੋਂ ਚੀਨ ਅਤੇ ਭਾਰਤ ਵਿਚਾਲੇ ਮਿਲਟਰੀ ਤਣਾਅ ਹੈ। ਇਸ ਦੇ ਇਲਾਵਾ ਇਹ ਇਲਾਕਾ ਪਾਕਿਸਤਾਨ ਦੇ ਵੀ ਨੇੜੇ ਹੈ। ਦੋਵੇਂ ਦੇਸ਼ ਇਸ ਯੁੱਧ ਅਭਿਆਸ ਨਾਲ ਜਿੱਥੇ ਇਸ ਪੂਰੇ ਖੇਤਰ ਵਿਚ ਆਪਣੇ ਸੈਨਿਕਾਂ ਨੂੰ ਭੂਗੋਲਿਕ ਹਾਲਾਤਾਂ ਦੇ ਅਨੁਕੂਲ ਬਣਾ ਰਹੇ ਹਨ ਉੱਥੇ ਇਹ ਇਸ ਦੇ ਜ਼ਰੀਏ ਭਾਰਤ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।


Vandana

Content Editor

Related News