ਚੀਨ ਦੀ ਧਮਕੀ ਬੇਅਸਰ : ਅਮਰੀਕਾ-ਤਾਈਵਾਨ ਨੇ ਆਰਥਿਕ ਸੰਬੰਧਾਂ ਦੇ ਬਲੂਪ੍ਰਿੰਟ ''ਤੇ ਕੀਤੇ ਦਸਤਖ਼ਤ
Sunday, Nov 22, 2020 - 04:26 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) - ਹਾਂਗਕਾਂਗ ਅਤੇ ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਹੋ ਰਿਹਾ ਟਕਰਾਅ ਉੱਚਾਈਆਂ ਤੱਕ ਪਹੁੰਚ ਗਿਆ ਹੈ। ਡ੍ਰੈਗਨ ਦੇ ਸਖ਼ਤ ਵਿਰੋਧ ਤੋਂ ਬਾਵਜੂਦ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਤਾਈਵਾਨ ਨੇ ਅਮਰੀਕਾ ਦੇ ਨਾਲ ਆਰਥਿਕ ਸਬੰਧਾਂ ਦੇ ਬਲੂਪ੍ਰਿੰਟ ’ਤੇ ਦਸਤਖ਼ਤ ਕਰ ਦਿੱਤੇ। ਇਸ ਨਾਲ ਅਮਰੀਕਾ ਅਤੇ ਤਾਈਵਾਨ ਵਿਚਕਾਰ ਚੱਲ ਰਹੇ ਸੰਬੰਧਾਂ ਨੂੰ ਲੈ ਕੇ ਇਕ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਦੋਵੇਂ ਦੇਸ਼ਾਂ ਦੇ ਵਿਚਾਲੇ ਨਵੇਂ ਕਰਾਰ ਸਦਕਾ ਵ੍ਹਾਈਟ ਹਾਊਸ ਅਤੇ ਬੀਜਿੰਗ ਨਾਲ ਸਬੰਧ ਹੋਰ ਮਜ਼ਬੂਤ ਹੋ ਸਕਦੇ ਹਨ।
ਦੱਸ ਦੇਈਏ ਕਿ ਸਤੰਬਰ ਵਿਚ ਚੀਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸਨੇ ਤਾਈਵਾਨ ਨਾਲ ਆਪਣੀ ਅਗਲੀ ਵਾਰਤਾ ਰੱਦ ਨਾ ਕੀਤੀ ਤਾਂ ਦੋਵਾਂ ਦੇਸ਼ਾਂ ਵਿਚਕਾਰਲੇ ਸੰਬੰਧਾਂ ਨੂੰ ਕਾਫ਼ੀ ਨੁਕਸਾਨ ਹੋਵੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਸੀ ਕਿ ਅਮਰੀਕਾ ਨੂੰ ਤਾਈਵਾਨ ਦੇ ਨਾਲ ਅਧਿਕਾਰਕ ਗੱਲਬਾਤ ਬੰਦ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਸੀ ਕਿ ਵਾਸ਼ਿੰਗਟਨ ਨੂੰ ਤਾਈਵਾਨ ਅਲਗਾਵਵਾਦੀ ਤਾਕਤਾਂ ਨੂੰ ਭਰਮਾਉਂਦਾ ਸੰਦੇਸ਼ ਨਹੀਂ ਭੇਜਣਾ ਚਾਹੀਦਾ। ਇਸ ਦੌਰਾਨ ਵਾਸ਼ਿੰਗਟਨ 'ਚ ਤਾਈਵਾਨ ਦੇ ਅਧਿਕਾਰਕ ਨੁਮਾਇੰਦੇ ਹਾਸਿਆਓ ਬੀ ਖੀਮ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਗਲੋਬਲ ਚੁਣੌਤੀਆਂ ਦੇ ਮੱਦੇਨਜ਼ਰ ਅਮਰੀਕਾ ਅਤੇ ਤਾਈਵਾਨ ਦੇ ਵਿਚਕਾਰ ਇਹ ਕਰਾਰ ਕਾਫ਼ੀ ਅਹਿਮ ਹੈ।
ਉਨ੍ਹਾਂ ਕਿਹਾ ਕਿ ਗਲੋਬਲ ਪੱਧਰ 'ਤੇ ਬਹੁਤ ਤੇਜ਼ੀ ਨਾਲ ਬਦਲਾਅ ਆਇਆ ਹੈ। ਮਨੁੱਖੀ ਅਧਿਕਾਰ , ਸਾਈਬਰ ਸੁਰੱਖਿਆ, ਆਰਥਿਕ ਸਥਿਰਤਾ ਅਤੇ ਗਲੋਬਲ ਸਿਆਸਤ 'ਚ ਕਾਫ਼ੀ ਤੇਜੀ ਨਾਲ ਬਦਲਾਅ ਆ ਰਹੇ ਹਨ। ਗਲੋਬਲ ਪੱਧਰ 'ਤੇ ਨਵੀਂਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਦੋਵੇਂ ਪੱਖਾਂ ਵਿਚਕਾਰ ਇਹ ਗੱਲਬਾਤ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ। ਅਮਰੀਕਾ ਅਤੇ ਤਾਇਵਾਨ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਲਈ ਤਿਆਰ ਹੈ।