ਨਵੇਂ ਸਾਲ ਤੋਂ ਪਹਿਲਾਂ ਚੰਗੀ ਖ਼ਬਰ, ਚੀਨ ਨੇ ''ਸਿਨੋਫਾਰਮ'' ਵੈਕਸੀਨ ਨੂੰ ਦਿੱਤੀ ਮਨਜ਼ੂਰੀ
Thursday, Dec 31, 2020 - 05:57 PM (IST)
ਬੀਜਿੰਗ (ਭਾਸ਼ਾ): ਨਵੇਂ ਸਾਲ ਦੀ ਦਸਤਕ ਤੋਂ ਪਹਿਲਾਂ ਦੁਨੀਆ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਵਾਲੀ ਵੈਕਸੀਨ ਨਾਲ ਜੁੜੀਆਂ ਚੰਗੀਆਂ ਖ਼ਬਰਾਂ ਆ ਰਹੀਆਂ ਹਨ। ਬੁੱਧਵਾਰ ਨੂੰ ਬ੍ਰਿਟੇਨ ਨੇ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਅਤੇ ਹੁਣ ਚੀਨ ਨੇ ਵੀਰਵਾਰ ਨੂੰ ਸਰਕਾਰੀ ਕੰਪਨੀ 'ਸਿਨੋਫਾਰਮ' ਵੱਲੋਂ ਵਿਕਸਿਤ ਕੋਰੋਨਾਵਾਇਰਸ ਦੇ ਟੀਕੇ ਨੂੰ ਸ਼ਰਤ ਸਮੇਤ ਮਨਜ਼ੂਰੀ ਦੇ ਦਿੱਤੀ ਹੈ। ਚੀਨ ਵਿਚ ਕੋਵਿਡ-19 ਦੇ ਕਿਸੇ ਵੀ ਟੀਕੇ ਨੂੰ ਮਿਲੀ ਇਹ ਪਹਿਲੀ ਮਨਜ਼ੂਰੀ ਹੈ। ਚੀਨ ਦੇ ਮੈਡੀਕਲ ਉਤਪਾਦਨ ਪ੍ਰਸ਼ਾਸਨ ਦੇ ਹਾਈ ਕਮਿਸ਼ਨਰ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਫ਼ੈਸਲਾ ਬੁੱਧਵਾਰ ਰਾਤ ਲਿਆ ਗਿਆ।
ਚੀਨ ਨੇ ਸਿਨੋਫਾਰਮ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਚੀਨ ਦੀ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਬਣਾਇਆ ਗਿਆ ਹੈ। ਆਮ ਲੋਕਾਂ ਦੀ ਵਰਤੋਂ ਦੇ ਲਈ ਚੀਨ ਵਿਚ ਪਹਿਲੀ ਵਾਰ ਕਿਸੇ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਤੱਕ ਚੀਨ ਵਿਚ ਕੁਝ ਵੈਕਸੀਨ ਦਾ ਵੱਡੇ ਪੱਧਰ 'ਤੇ ਟ੍ਰਾਇਲ ਚੱਲ ਰਿਹਾ ਸੀ ਪਰ ਹੁਣ ਮਨਜ਼ੂਰੀ ਮਿਲ ਗਈ ਹੈ। ਹਾਲ ਹੀ ਵਿਚ ਸਿਨੋਫਾਰਮ ਵੈਕਸੀਨ ਦੇ ਟ੍ਰਾਇਲ ਦੇ ਨਤੀਜੇ ਸਾਹਮਣੇ ਆਏ ਸਨ, ਜਿਸ ਵਿਚ ਤੀਜੇ ਪੜਾਅ ਵਿਚ ਇਸ ਵੈਕਸੀਨ ਦੀ ਸਫਲਤਾ 79 ਫੀਸਦੀ ਸੀ ਭਾਵੇਂਕਿ ਦੁਨੀਆ ਵਿਚ ਹੁਣ ਤੱਕ ਜਿਹੜੀਆਂ ਫਾਈਜ਼ਰ, ਮੋਡਰਨਾ ਅਤੇ ਆਕਸਫੋਰਡ ਦੀ ਵੈਕਸੀਨ ਨੂੰ ਮਨਜ਼ੂਰੀ ਮਿਲੀ ਹੈ ਉਹਨਾਂ ਵਿਚ ਚੀਨੀ ਵੈਕਸੀਨ ਦੀ ਸਫਲਤਾ ਦਰ ਸਭ ਤੋਂ ਘੱਟ ਹੈ।
ਚੀਨ ਵਿਚ ਕੁੱਲ ਪੰਜ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ ਜੋ ਤੀਜੇ ਪੜਾਅ ਵਿਚ ਹੀ ਹਨ। ਇਹਨਾਂ ਵਿਚੋਂ ਪਹਿਲੀ ਵੈਕਸੀਨ ਨੂੰ ਆਮ ਲੋਕਾਂ ਦੀ ਵਰਤੋਂ ਦੇ ਲਈ ਮਨਜ਼ੂਰੀ ਮਿਲ ਗਈ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਇਸੇ ਸਮੇਂ ਦੇ ਕਰੀਬ ਚੀਨ ਦੇ ਵੁਹਾਨ ਤੋਂ ਹੀ ਕੋਰੋਨਾਵਾਇਰਸ ਦਾ ਸੰਕਟ ਸ਼ੁਰੂ ਹੋਇਆ ਸੀ, ਜਿਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ।
ਨੋਟ- ਚੀਨ ਨੇ 'ਸਿਨੋਫਾਰਮ' ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।