ਚੀਨੀ ਨੇਤਾਵਾਂ ਦੇ ਚਾਈਨਾ ਮੇਡ ਕੋਰੋਨਾ ਟੀਕਾ ਨਾ ਲਗਵਾਉਣ ਦੇ ਸਵਾਲ ’ਤੇ ਚੀਨ ਨੇ ਧਾਰੀ ਚੁੱਪ
Thursday, Jan 21, 2021 - 10:15 AM (IST)
ਪੇਈਚਿੰਗ (ਭਾਸ਼ਾ)- ਚੀਨ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਚੀਨ ’ਚ ਬਣਾਏ ਕੋਵਿਡ-19 ਦਾ ਟੀਕਾ ਲਗਵਾਇਆ ਹੈ ਪਰ ਆਪਣੇ ਸੀਨੀਅਰ ਚੀਨੀ ਨੇਤਾਵਾਂ ਵੱਲੋਂ ਟੀਕਾ ਨਾ ਲਗਵਾਉਣ ਦੇ ਸਵਾਲ ’ਤੇ ਚੁੱਪ ਧਾਰੀ ਰੱਖੀ।
ਚੀਨੇ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੁਆ ਚੁਨਯਿੰਗ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਵਿਸ਼ਵ ਦੇ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਂ ਗਿਣਾਏ, ਜਿਨ੍ਹਾਂ ਨੇ ਚੀਨ ’ਚ ਬਣਾਏ ਕੋਵਿਡ-19 ਟੀਕੇ ਲਗਵਾਏ ਹਨ। ਹੁਆ ਨੇ ਕਿਹਾ ਕਿ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਯਬ ਐਰਦੋਗਾਨ, ਸੇਸ਼ੇਲਸ ਦੇ ਰਾਸ਼ਟਰਪਤੀ ਵਾਵੇਲ ਰਾਮਕਾਲਵਨ, ਸੰਯਕਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ, ਮਿਸ਼ਰ ਅਤੇ ਇੰਡੋਨੇਸ਼ੀਆ ਦੇ ਨੇਤਾਵਾਂ ਨੇ ਚੀਨੀ ਟੀਕੇ ਲਗਵਾਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਪ੍ਰਮੁੱਖ ਸਮੂਹਾਂ ’ਚ ਟੀਕੇ ਮੁਹੱਈਆ ਕਰਵਾਉਣਾ ਆਰੰਭ ਕਰ ਦਿੱਤਾ ਹੈ। ਅਸੀਂ ਸਾਰੇ ਚੀਨੀ ਨਾਗਰਿਕਾਂ ਲਈ ਮੁਫਤ ਟੀਕਾਕਰਣ ਦੀ ਸ਼ੁਰੂਆਤ ਕਰਾਂਗੇ। ਉਨ੍ਹਾਂ ਸਾਰੇ ਲੋਕਾਂ ਨੂੰ ਵਿਵਸਥਤ ਰੂਪ ’ਚ ਟੀਕਾ ਦਿੱਤਾ ਜਾਵੇਗਾ, ਜੋ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਟੀਕਾ ਲਗਵਾਇਆ ਹੈ, ਹੁਆ ਨੇ ਕਿਹਾ ਕਿ ਇਸ ਸਮੇਂ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ।