ਚੀਨ ਦੀ ਨਵੀਂ ਕਾਢ, ਜ਼ਮੀਨ ਤੋਂ 308 ਫੁੱਟ ਹੇਠਾਂ ਹੋਵੇਗੀ ਆਵਾਜਾਈ

07/24/2017 8:04:10 AM

ਬੀਜਿੰਗ— ਚੀਨ 'ਚ ਇਕ ਅਜਿਹਾ ਮੈਟਰੋ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ ਜੋ ਜ਼ਮੀਨ ਤੋਂ 94 ਮੀਟਰ ਭਾਵ 308 ਫੁੱਟ ਹੇਠਾਂ ਹੋਵੇਗਾ। ਜ਼ਮੀਨ ਦੀ ਡੂੰਘਾਈ ਤਕਰੀਬਨ 31 ਮੰਜ਼ਲਾ ਇਮਾਰਤ ਦੀ ਉਚਾਈ ਦੇ ਬਰਾਬਰ ਹੋਵੇਗੀ। ਇਹ ਚੀਨ ਦਾ ਸਭ ਤੋਂ ਵਧ ਡੂੰਘਾਈ 'ਚ ਬਣਿਆ ਮੈਟਰੋ ਸਟੇਸ਼ਨ ਹੋਵੇਗਾ। ਇਸ ਤੋਂ 6 ਸਾਲ ਪਹਿਲਾਂ ਤਿਆਰ ਹੋਇਆ ਹੋਂਗਤੁਡੀ ਮੈਟਰੋ ਸਟੇਸ਼ਨ ਸਭ ਤੋਂ ਡੂੰਘਾਈ 'ਚ ਬਣਿਆ ਸਟੇਸ਼ਨ ਸੀ, ਜੋ ਜ਼ਮੀਨ ਤੋਂ 60 ਮੀਟਰ ਹੇਠਾਂ ਸੀ। ਹੁਣ ਇਸ ਨੂੰ ਹੋਰ ਹੇਠਾਂ ਲੈ ਜਾਇਆ ਜਾ ਰਿਹਾ ਹੈ। 
ਇਸ ਸਟੇਸ਼ਨ ਦਾ ਕੰਮ ਇਸ ਸਾਲ ਦੇ ਅਖੀਰ ਤਕ ਫਊਰਾ ਹੋ ਜਾਵੇਗਾ। ਵਾਤਾਵਰਣ ਨੂੰ ਧਿਆਨ 'ਚ ਰੱਖਦਿਆਂ ਹੀ ਇਹ ਕਦਮ ਚੁੱਕਿਆ ਜਾ ਰਿਹਾ ਹੈ। ਐਲੀਵੇਟਰ ਤੋਂ ਇਸ ਦੇ ਪਲੈਟ ਫਾਰਮ ਤਕ ਆਉਣ 'ਚ ਸਿਰਫ 3 ਮਿੰਟ ਲੱਗਣਗੇ ਜਦਕਿ ਪੈਦਲ ਚੱਲਣ ਵਾਲਿਆਂ ਨੂੰ 354 ਪੌੜੀਆਂ ਰਾਹੀਂ ਆਉਣਾ-ਜਾਣਾ ਪਵੇਗਾ। 60 ਮੀਟਰ ਦੀ ਡੂੰਘਾਈ ਵਾਲੇ ਸਟੇਸ਼ਨ 'ਤੇ ਫਿਲਹਾਲ 32 ਐਲੀਵੇਟਰ ਕੰਮ ਕਰ ਰਹੇ ਹਨ ਅਤੇ ਨਵੇਂ 'ਚ ਇਨ੍ਹਾਂ ਦੀ ਗਿਣਤੀ ਵਧਾ ਕੇ 91 ਕਰ ਦਿੱਤੀ ਜਾਵੇਗੀ। ਹਾਲ ਹੀ ਦੇ ਸਾਲਾਂ 'ਚ ਪੂਰੇ ਚੋਂਗਕਿੰਗ ਇਲਾਕੇ 'ਚ ਮੈਟਰੋ ਦਾ ਕੰਮ ਤੇਜ਼ ਹੋਇਆ ਹੈ ਕਿਉਂਕਿ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਵਧਣ ਨਾਲ ਉੱਥੇ ਅਕਸਰ ਜਾਮ ਲੱਗਾ ਰਹਿੰਦਾ ਹੈ।


Related News