ਅਮਰੀਕੀ ਸੈਨਾ ਦੇ ਹੱਟਦੇ ਹੀ ਅਫਗਾਨਿਸਤਾਨ ''ਤੇ ਚੀਨ ਦੀ ਨਜ਼ਰ, ਪੇਸ਼ਾਵਰ ਤੋਂ ਕਾਬੁਲ ਤੱਕ ਬਣਾਏਗਾ ਮੋਟਰ-ਵੇਅ
Tuesday, Jul 06, 2021 - 06:26 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਚੀਨ ਦੀ ਵਿਸਥਾਰਵਾਦੀ ਨੀਤੀ ਜਾਰੀ ਹੈ। ਇਸ ਨੀਤੀ ਦੇ ਤਹਿਤ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਨੂੰ ਚੀਨ ਵੱਡੇ ਮੌਕੇ ਦੇ ਤੌਰ 'ਤੇ ਦੇਖ ਰਿਹਾ ਹੈ। ਚੀਨ ਨੇ ਅਫਗਾਨਿਸਤਾਨ ਵਿਚ ਆਪਣੇ ਬੈਲਟ ਐਂਡ ਰੋਡ ਪ੍ਰੋਗਰਾਮ ਦੇ ਵਿਸਥਾਰ ਦੀ ਯੋਜਨਾ ਬਣਾਈ ਹੈ। ਉਹ ਅਫਗਾਨਿਸਤਾਨ ਵਿਚ 4.60 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਕਾਬੁਲ ਵਿਚ ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਮੁਤਾਬਕ ਇਹ ਯੋਜਨਾ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦਾ ਹਿੱਸਾ ਹੋਵੇਗੀ। ਇਸ ਵਿਚ ਉੱਤਰ-ਪੱਛਮੀ ਪਾਕਿਸਤਾਨ ਤੋਂ ਅਫਗਾਨਿਸਤਾਨ ਅਤੇ ਚੀਨ ਵਿਚਾਲੇ ਇਕ ਸਿੱਧਾ ਕੋਰੀਡੋਰ ਬਣਾਇਆ ਜਾਵੇਗਾ। ਇਸ ਨਾਲ ਚੀਨ ਨੂੰ ਮੱਧ ਪੂਰਬ,ਮੱਧ ਏਸ਼ੀਆ ਅਤੇ ਯੂਰਪ ਤੱਕ ਵਪਾਰ ਲਈ ਰਸਤਾ ਮਿਲ ਜਾਵੇਗਾ।ਅਧਿਕਾਰੀਆਂ ਨੇ ਕਾਬੁਲ ਅਤੇ ਪੇਸ਼ਾਵਰ ਵਿਚ ਮੋਟਰ-ਵੇਅ ਬਣਾਉਣ ਦੀ ਯੋਜਨਾ 'ਤੇ ਵੀ ਚਰਚਾ ਕੀਤੀ। ਚੀਨ ਪੰਜ ਸਾਲ ਤੋਂ ਅਫਗਾਨਿਸਤਾਨ ਵਿਚ ਆਪਣੇ ਬੈਲਟ ਐਂਡ ਰੋਡ ਦੇ ਵਿਸਥਾਰ ਦੀ ਯੋਜਨਾ ਬਣਾ ਰਿਹਾ ਸੀ ਪਰ ਅਮਰੀਕਾ ਦੀ ਮੌਜੂਦਗੀ ਕਾਰਨ ਅੱਗੇ ਨਹੀਂ ਵੱਧ ਸਕਿਆ।
ਪੜ੍ਹੋ ਇਹ ਅਹਿਮ ਖਬਰ- CPC ਦੇ 100 ਸਾਲ ਪੂਰੇ ਪਰ ਰਾਜਨੀਤੀ 'ਚ ਔਰਤਾਂ ਦੀ ਭੂਮਿਕਾ 'ਆਟੇ 'ਚ ਲੂਣ ਦੇ ਬਰਾਬਰ'
ਭਾਵੇਂਕਿ ਚੀਨ ਸਰਕਾਰ ਅਤੇ ਅਫਗਾਨਿਸਤਾਨ ਸਰਕਾਰ ਵਿਚਾਲੇ ਗੱਲਬਾਤ ਜਾਰੀ ਰਹੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਨ ਨੇ ਪਿਛਲੇ ਮਹੀਨੇ ਪੁਸ਼ਟੀ ਕੀਤੀ ਸੀਕਿ ਚੀਨ ਅਫਗਾਨਿਸਤਾਨ ਸਮੇਤ ਤੀਜੇ ਪੱਖ ਨਾਲ ਚਰਚਾ ਕਰ ਰਿਹਾ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਨੇ ਇਸ ਸਾਲ 11 ਸਤੰਬਰ ਤੱਕ ਆਪਣੀ ਸੈਨਾ ਦੀ ਅਫਗਾਨਿਸਤਾਨ ਤੋਂ ਵਾਪਸੀ ਦਾ ਟੀਚਾ ਰੱਖਿਆ ਹੈ। ਅਮਰੀਕੀ ਸੈਨਿਕ ਬਗਰਾਮ ਸਥਿਤ ਪ੍ਰਮੁੱਖ ਮਿਲਟਰੀ ਅੱਡਾ ਪਿਛਲੇ ਹਫ਼ਤੇ ਹੀ ਛੱਡ ਚੁੱਕੇ ਹਨ।
ਤਾਲਿਬਾਨ ਵੱਲੋਂ ਇਕ ਤਿਹਾਈ ਹਿੱਸੇ 'ਤੇ ਕਬਜ਼ਾ
ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਐਲਾਨ ਮਗਰੋਂ ਤਾਲਿਬਾਨ ਨੇ 421 ਜ਼ਿਲ੍ਹਿਆਂ ਵਿਚੋਂ ਇਕ ਤਿਹਾਈ ਜ਼ਿਲ੍ਹਿਆਂ 'ਤੇ ਕਬਜ਼ਾ ਕਰ ਲਿਆ ਹੈ।ਉੱਤਰੀ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਵੱਧਦਾ ਜਾ ਰਿਹਾ ਹੈ। ਖਾਸ ਕਰ ਕੇ ਬਦਖਸ਼ਾਂ ਅਤੇ ਤਖਰ ਸੂਬੇ ਤਾਲਿਬਾਨ ਦੇ ਕਬਜ਼ੇ ਵਿਚ ਹਨ। ਇਕ ਹਜ਼ਾਰ ਤੋਂ ਵੱਧ ਸੈਨਿਕ ਜਾਨ ਬਚਾਉਣ ਲਈ ਤਜ਼ਾਕਿਸਤਾਨ ਭੱਜ ਗਏ। ਕਈ ਖੇਤਰਾ ਵਿਚ ਸੁਰੱਖਿਆ ਬਲਾਂ ਨੇ ਬਿਨਾਂ ਕਿਸੇ ਲੜਾਈ ਦੇ ਸਮਰਪਣ ਕਰ ਦਿੱਤਾ।
ਤਾਲਿਬਾਨ ਨੇ ਦਿੱਤੀ ਧਮਕੀ
ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਧਮਕੀ ਦਿੱਤੀ ਹੈ ਕਿ ਸਮੇਂ ਸੀਮਾ ਪੂਰੀ ਹੋਣ ਦੇ ਬਾਅਦ ਕੋਈ ਵੀ ਵਿਦੇਸ਼ੀ ਸੈਨਾ ਅਫਗਾਨਿਸਤਾਨ ਵਿਚ ਨਹੀਂ ਰਹਿਣੀ ਚਾਹੀਦੀ। ਨਾਟੋ ਸੈਨਾ ਨੂੰ ਵੀ ਦੇਸ਼ ਵਿਚ ਰਹਿਣ ਨਹੀਂ ਦਿੱਤਾ ਜਾਵੇਗਾ। ਡਿਪਲੋਮੈਟਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਵਿਦੇਸ਼ੀ ਨਾਗਿਰਕਾਂ ਨੂੰ ਤਾਲਿਬਾਨ ਨਿਸ਼ਾਨਾ ਨਹੀਂ ਬਣਾਏਗਾ। ਉਹਨਾਂ ਦੀ ਸੁਰੱਖਿਆ ਲਈ ਵੱਖ ਤੋਂ ਸੈਨਾ ਦੀ ਲੋੜ ਨਹੀਂ ਹੈ।