ਚੀਨ : ਇੰਟਰਪੋਲ ਦੇ ਸਾਬਕਾ ਚੀਫ ਨੇ ਰਿਸ਼ਵਤ ਲੈਣ ਦਾ ਅਪਰਾਧ ਕਬੂਲਿਆ

06/20/2019 3:48:49 PM

ਬੀਜਿੰਗ (ਬਿਊਰੋ)— ਚੀਨ ਦੇ ਇੰਟਰਪੋਲ ਦੇ ਸਾਬਕਾ ਪ੍ਰਮੁੱਖ ਮੇਂਗ ਹੋਂਗਵੇਈ (65) ਨੇ ਅਦਾਲਤ ਵਿਚ 21 ਲੱਖ ਡਾਲਰ ਦੀ ਰਿਸ਼ਵਤ ਲੈਣ ਦਾ ਅਪਰਾਧ ਕਬੂਲ ਕੀਤਾ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਮੇਂਗ ਨੇ ਆਪਣਾ ਅਪਰਾਧ ਸਵੀਕਾਰ ਕੀਤਾ। ਅਦਾਲਤ ਵਿਚ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ ਅਤੇ ਤੈਅ ਤਰੀਕ 'ਤੇ ਫੈਸਲਾ ਸੁਣਾਇਆ ਜਾਵੇਗਾ। ਤਿਆਨਜਿਨ ਦੀ ਇਕ ਅਦਾਲਤ ਨੇ ਕਿਹਾ ਕਿ ਮੇਂਗ ਨੇ ਸੁਣਵਾਈ ਦੌਰਾਨ ਆਪਣੇ ਅਪਰਾਧ 'ਤੇ ਪਛਤਾਵਾ ਜ਼ਾਹਰ ਕੀਤਾ। 

ਮੇਂਗ 2016 ਵਿਚ ਇੰਟਰਪੋਲ ਦੇ ਪ੍ਰਧਾਨ ਚੁਣੇ ਗਏ ਸਨ ਪਰ ਉਨ੍ਹਾਂ ਦੇ 4 ਸਾਲ ਦੇ ਕਾਰਜਕਾਲ ਵਿਚ ਉਦੋਂ ਕਟੌਤੀ ਕਰ ਦਿੱਤੀ ਗਈ ਜਦੋਂ ਪਿਛਲੇ ਸਾਲ ਅਕਤੂਬਰ ਵਿਚ ਚੀਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ। ਉਸ ਸਮੇਂ ਮੇਂਗ ਚੀਨ ਦੇ ਡਿਪਟੀ ਜਨਤਕ ਸੁਰੱਖਿਆ ਮੰਤਰੀਆਂ ਵਿਚੋਂ ਇਕ ਸਨ। ਮੇਂਗ ਨੂੰ ਚੀਨ ਨੇ ਇਸੇ ਸਾਲ ਅਪ੍ਰੈਲ ਵਿਚ ਰਿਸ਼ਵਤ ਲੈਣ ਦੇ ਮਾਮਲੇ ਵਿਚ ਰਸਮੀ ਤੌਰ 'ਤੇ ਗ੍ਰਿਫਤਾਰ ਕੀਤਾ ਸੀ। 

ਚੀਨ ਨੇ ਮਾਰਚ ਵਿਚ ਮੇਂਗ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਉਨ੍ਹਾਂ ਦੇ ਸਾਰੇ ਅਧਿਕਾਰਕ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਵਿਚੋਂ ਕੱਢ ਦਿੱਤਾ। ਕੇਂਦਰੀ ਅਨੁਸ਼ਾਸਨ ਨਿਰੀਖਣ ਕਮਿਸ਼ਨ ਨੇ ਮੇਂਗ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਨਿੱਜੀ ਹਿੱਤ ਲਈ ਅਹੁਦੇ ਅਤੇ ਸ਼ਕਤੀ ਦੀ ਦੁਰਵਰਤੋਂ ਕੀਤੀ।


Vandana

Content Editor

Related News