ਚੀਨ ਨੇ ਟਰੂਡੋ ਦੇ ਬਿਆਨ ''ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਦਿੱਤੀ ਨਸੀਹਤ
Tuesday, Jan 15, 2019 - 05:12 PM (IST)
ਬੀਜਿੰਗ/ਓਟਾਵਾ (ਭਾਸ਼ਾ)— ਚੀਨ ਨੇ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਕ ਬਿਆਨ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ। ਇਸ ਬਿਆਨ ਵਿਚ ਟਰੂਡੋ ਨੇ ਚੀਨ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਕੈਨੇਡੀਅਨ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਆਲੋਚਨਾ ਕੀਤੀ ਸੀ। ਚੀਨ ਨੇ ਟਰੂਡੋ ਦੇ ਬਿਆਨ ਨੂੰ ਗੈਰ ਜ਼ਿੰਮੇਵਾਰੀ ਵਾਲਾ ਕਰਾਰ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਕਿਹਾ,''ਅਸੀਂ ਕੈਨੇਡਾ ਤੋਂ ਕਾਨੂੰਨ ਦੇ ਸ਼ਾਸਨ ਅਤੇ ਚੀਨ ਦੀ ਨਿਆਂਇਕ ਪ੍ਰਭੂਸੱਤਾ ਦਾ ਸਨਮਾਨ ਕਰਨ ਦੀ ਉਮੀਦ ਕਰਦੇ ਹਾਂ। ਉਸ ਨੂੰ ਆਪਣੀ ਗਲਤੀ ਮੰਨ ਕੇ ਇਸ ਤਰ੍ਹਾਂ ਦੇ ਗੈਰ ਜ਼ਿੰਮਵਾਰੀ ਵਾਲੇ ਬਿਆਨ ਦੇਣੇ ਬੰਦ ਕਰ ਦੇਣੇ ਚਾਹੀਦੇ ਹਨ।''
ਗੌਰਤਲਬ ਹੈ ਕਿ ਚੀਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕੈਨੇਡਾ ਦੇ ਇਕ ਵਿਅਕਤੀ ਰਾਬਰਡ ਲਿਓਜ ਸ਼ਿਲੇਨਬਰਗ (36) ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਸ਼ਿਲੇਨਬਰਗ ਨੂੰ ਸਾਲ 2014 ਵਿਚ ਲਿਯਾਓਨਿੰਗ ਸੂਬੇ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ 15 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ। ਚੀਨ ਦੇ ਇਸ ਫੈਸਲੇ ਨੂੰ ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ਨੂੰ ਮਨਮਰਜ਼ੀ ਵਾਲਾ ਕਦਮ ਕਰਾਰ ਦਿੱਤਾ ਸੀ।