ਚੀਨ ਨੇ ਬਾਈਡੇਨ ਨੂੰ ਜਿੱਤ ਦੀ ਵਧਾਈ ਦੇਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜ੍ਹਾ
Tuesday, Nov 10, 2020 - 05:57 PM (IST)
ਬੀਜਿੰਗ (ਬਿਊਰੋ): ਚੀਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜੇਤੂ ਦੇ ਤੌਰ 'ਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਨ ਨੂੰ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਚੀਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਚੋਣਾਂ ਦੇ ਨਤੀਜਿਆਂ ਦਾ ਨਿਰਧਾਰਨ ਹੋਣਾ ਹਾਲੇ ਬਾਕੀ ਹੈ। ਡੋਨਾਲਡ ਟਰੰਪ ਦੇ ਹੁਣ ਤੱਕ ਆਪਣ ਹਾਰ ਸਵੀਕਾਰ ਨਹੀਂ ਕੀਤੀ ਹੈ ਅਤੇ ਉਹਨਾਂ ਨੇ ਚੋਣ ਨਤੀਜਿਆਂ ਨੂੰ ਕੋਰਟ ਵਿਚ ਚੁਣੌਤੀ ਦੇਣ ਦੀ ਵੀ ਗੱਲ ਕਹੀ ਹੈ।
ਭਾਵੇਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਨੇਤਾ ਬਾਈਡੇਨ ਨੂੰ ਜਿੱਤ ਦੀ ਵਧਾਈ ਦੇ ਚੁੱਕੇ ਹਨ। ਰੂਸ ਅਤੇ ਮੈਕਸੀਕੋ ਦੇ ਇਲਾਵਾ ਚੀਨ ਇਕ ਵੱਡਾ ਦੇਸ਼ ਹੈ ਜਿਸ ਨੇ ਬਾਈਡੇਨ ਨੂੰ ਵਧਾਈ ਨਹੀਂ ਦਿੱਤੀ ਹੈ। ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਇਸ ਗੱਲ ਦਾ ਨੋਟਿਸ ਲੈ ਲਿਆ ਹੈ ਕਿ ਬਾਈਡੇਨ ਨੂੰ ਚੋਣਾਂ ਦਾ ਜੇਤੂ ਘੋਸ਼ਿਤ ਕੀਤਾ ਗਿਆ ਹੈ। ਟਰੰਪ ਦੇ ਚਾਰ ਸਾਲ ਦੇ ਕਾਰਜਕਾਲ ਵਿਚ ਚੀਨ ਅਤੇ ਅਮਰੀਕਾ ਦੇ ਵਿਚ ਵਪਾਰ ਨੂੰ ਲੈ ਕੇ ਜੰਗ ਛਿੜੀ ਰਹੀ। ਬਾਕੀ ਦੀ ਕਸਰ ਕੋਰੋਨਾਵਾਇਰਸ ਦੀ ਮਹਾਮਾਰੀ ਆਉਣ ਦੇ ਬਾਅਦ ਪੂਰੀ ਹੋ ਗਈ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਕਾਰਨ ਭਿਆਨਕ ਤਬਾਹੀ ਹੋਈ ਅਤੇ ਟਰੰਪ ਨੇ ਵਾਇਰਸ ਨਾਲ ਤਬਾਹੀ ਦੇ ਲਈ ਚੀਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ।
ਪੜ੍ਹੋ ਇਹ ਅਹਿਮ ਖਬਰ- ਖੁਸ਼ਖ਼ਬਰੀ! ਆਸਟ੍ਰੇਲੀਆ 'ਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਉਤਪਾਦਨ ਸ਼ੁਰੂ
ਅਮਰੀਕਾ ਅਤੇ ਚੀਨ ਵਿਚ ਸ਼ਿਨਜਿਆਂਗ ਅਤੇ ਹਾਂਗਕਾਂਗ ਵਿਚ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਵੀ ਬਹਿਸ ਹੁੰਦੀ ਰਹੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਚੇਨਬਿਨ ਨੇ ਨਿਯਮਿਤ ਪ੍ਰੈੱਸ ਕਾਨਫਰੰਸ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਸਾਡੀ ਸਮਝ ਹੈ ਕਿ ਅਮਰੀਕਾ ਦੇ ਕਾਨੂੰਨਾਂ ਅਤੇ ਪ੍ਰਕਿਰਿਆ ਦੇ ਮੁਤਾਬਕ, ਚੋਣਾਂ ਦੇ ਨਤੀਜੇ ਤੈਅ ਕੀਤੇ ਜਾਣਗੇ।'' ਪੱਤਰਕਾਰਾਂ ਦੇ ਬਾਰ-ਬਾਰ ਸਵਾਲ ਪੁੱਛਣ ਦੇ ਬਾਵਜੂਦ ਵਾਂਗ ਨੇ ਬਾਈਡੇਨ ਦੀ ਜਿੱਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ,''ਸਾਨੂੰ ਆਸ ਹੈ ਕਿ ਅਮਰੀਕਾ ਦੀ ਨਵੀਂ ਸਰਕਾਰ ਚੀਨ ਨੂੰ ਲੈ ਕੇ ਵਿਚਕਾਰਲਾ ਰਸਤਾ ਲੱਭ ਲਵੇਗੀ।''
ਟਰੰਪ ਦੀ ਤਰ੍ਹਾਂ ਮੈਕਸੀਕੋ ਦੇ ਰਾਸ਼ਟਰਪਤੀ ਵੀ ਉਹਨਾਂ ਦੀ ਹਾਰ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਮੈਕਸੀਕੋ ਦੇ ਰਾਸ਼ਟਰਪਤੀ ਮੈਨੁਏਲ ਲੋਪੇਜ ਓਬਰੇਡਰ ਨੇ ਟਰੰਪ ਦਾ ਸਾਥ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਕਾਨੂੰਨੀ ਲੜਾਈ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਬਾਈਡੇਨ ਨੂੰ ਜਿੱਤ ਦੀ ਵਧਾਈ ਨਹੀਂ ਦੇਣਗੇ। ਲੋਪੇਜ ਨੇ ਟਰੰਪ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਡੇ ਪ੍ਰਤੀ ਉਹਨਾਂ ਦਾ ਰਵੱਈਆ ਬਹੁਤ ਹੀ ਸਨਮਾਨਜਨਕ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਬਾਈਡੇਨ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਨਹੀਂ ਦਿੱਤੀ ਹੈ। ਦਿਲਚਸਪ ਇਹ ਹੈ ਕਿ ਰੂਸ ਦੀ ਵਿਰੋਧੀ ਪਾਰਟੀ ਨੇ ਬਾਈਡੇਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਪੁਤਿਨ 'ਤੇ ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਦਖਲ ਦੇਣ ਅਤੇ ਟਰੰਪ ਦੀ ਜਿੱਤ ਵਿਚ ਮਦਦ ਕਰਨ ਦਾ ਦੋਸ਼ ਲੱਗਾ ਸੀ। ਜ਼ਾਹਰ ਹੈ ਕਿ ਬਾਈਡੇਨ ਰੂਸ ਦੇ ਖਿਲਾਫ਼ ਜ਼ਿਆਦਾ ਹਮਲਾਵਰ ਅਤੇ ਸਖਤ ਰਵੱਈਆ ਅਪਨਾ ਸਕਦੇ ਹਨ। ਪਿਛਲੇ ਮਹੀਨੇ ਹੀ ਬਾਈਡੇਨ ਨੇ ਰੂਸ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਸੀ।