ਚੀਨ ਨੇ ਰੱਖਿਆ ਬਜਟ 7.5 ਫੀਸਦੀ ਵਧਾ ਕੇ ਕੀਤਾ 177.61 ਅਰਬ ਡਾਲਰ

Tuesday, Mar 05, 2019 - 02:13 PM (IST)

ਚੀਨ ਨੇ ਰੱਖਿਆ ਬਜਟ 7.5 ਫੀਸਦੀ ਵਧਾ ਕੇ ਕੀਤਾ 177.61 ਅਰਬ ਡਾਲਰ

ਬੀਜਿੰਗ (ਭਾਸ਼ਾ)— ਅਮਰੀਕਾ ਦੇ ਬਾਅਦ ਰੱਖਿਆ ਖੇਤਰ 'ਤੇ ਸਭ ਤੋਂ ਵੱਧ ਖਰਚ ਕਰਨ ਵਾਲੇ ਚੀਨ ਨੇ ਮੰਗਲਵਾਰ ਨੂੰ ਇਸ ਸਾਲ ਦਾ ਰੱਖਿਆ ਬਜਟ ਪੇਸ਼ ਕੀਤਾ। ਇਸ ਵਾਰ ਦੇ ਰੱਖਿਆ ਬਜਟ ਵਿਚ ਚੀਨ ਨੇ 7.5 ਫੀਸਦੇ ਦਾ ਵਾਧਾ ਕੀਤਾ ਹੈ, ਜਿਸ ਨਾਲ ਹੁਣ ਇਹ 177.61 ਅਰਬ ਡਾਲਰ ਹੋ ਗਿਆ ਹੈ। ਇਹ ਰਾਸ਼ੀ ਭਾਰਤ ਦੇ ਰੱਖਿਆ ਬਜਟ ਦੇ ਮੁਕਾਬਲੇ 3 ਗੁਣਾ ਤੋਂ ਵੀ ਵੱਧ ਹੈ।

ਚੀਨ ਦੀ ਸੰਸਦ 'ਨੈਸ਼ਨਲ ਪੀਪਲਜ਼ ਕਾਂਗਰਸ' ਦੇ ਸਾਲਾਨਾ ਸੈਸ਼ਨ ਦੇ ਪਹਿਲੇ ਦਿਨ ਪੇਸ਼ ਕੀਤੇ ਗਏ ਬਜਟ ਦੇ ਡਰਾਫਟ ਮੁਤਾਬਕ ਸਾਲ 2019 ਦਾ ਰੱਖਿਆ ਬਜਟ 1,190 ਅਰਬ ਯੁਆਨ (ਕਰੀਬ 177.61 ਅਰਬ ਡਾਲਰ) ਦਾ ਹੋਵੇਗਾ। ਇਸ ਸਾਲ ਰੱਖਿਆ ਬਜਟ ਵਿਚ ਬੀਤੇ ਸਾਲ ਦੇ 8.1 ਫੀਸਦੀ ਦੇ ਮੁਕਾਬਲੇ ਘੱਟ ਵਾਧਾ ਕੀਤਾ ਗਿਆ ਹੈ। ਚੀਨ ਸਾਲ 2016 ਤੋਂ ਆਪਣੇ ਰੱਖਿਆ ਬਜਟ ਵਿਚ ਹਰੇਕ ਸਾਲ 10 ਤੋਂ ਘੱਟ ਅੰਕ ਦਾ ਵਾਧਾ ਕਰ ਰਿਹਾ ਹੈ ਜਦਕਿ ਸਾਲ 2015 ਤੱਕ ਉਸ ਨੇ ਰੱਖਿਆ ਖੇਤਰ ਵਿਚ ਦੋਹਰੇ ਅੰਕਾਂ ਵਿਚ ਵਾਧਾ ਕੀਤਾ ਸੀ। ਇਸ ਸਾਲ ਦੇ ਵਾਧੇ ਦੇ ਨਾਲ ਰੱਖਿਆ ਖੇਤਰ 'ਤੇ ਚੀਨ ਦਾ ਖਰਚ 200 ਅਰਬ ਡਾਲਰ ਦੇ ਅੰਕੜੇ ਦੇ ਕਰੀਬ ਪਹੁੰਚ ਗਿਆ ਹੈ। 

ਭਾਰਤ ਦੇ ਰੱਖਿਆ ਬਜਟ ਨੂੰ ਇਸ ਸਾਲ 6.87 ਫੀਸਦੀ ਦੇ ਵਾਧੇ ਨਾਲ 3.18 ਲੱਖ ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ। ਭਾਵੇਂਕਿ ਇਹ ਅੰਕੜਾ ਗੁਆਂਢੀ ਦੇਸ਼ਾਂ ਚੀਨ ਅਤੇ ਪਾਕਿਸਤਾਨ ਦੇ ਆਪਣੀ ਰੱਖਿਆ ਸਮਰੱਥਾ ਨੂੰ ਲਗਾਤਾਰ ਵਧਾਏ ਜਾਣ ਕਾਰਨ ਲਗਾਈਆਂ ਜਾ ਰਹੀਆਂ ਉਮੀਦਾਂ ਦੇ ਮੁਤਾਬਕ ਨਹੀਂ ਹੈ। ਹਾਲ  ਹੀ ਦੇ ਸਾਲਾਂ ਵਿਚ ਚੀਨ ਨੇ ਆਪਣੀ ਫੌਜ ਵਿਚ ਕਈ ਵੱਡੇ ਸੁਧਾਰ ਕੀਤੇ ਹਨ। ਇਸ ਦੇ ਤਹਿਤ ਉਸ ਨੇ ਦੂਜੇ ਦੇਸ਼ਾਂ ਵਿਚ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਜਲ ਸੈਨਾ ਅਤੇ ਹਵਾਈ ਫੌਜ ਨੂੰ ਤਰਜੀਹ ਦਿੰਦੇ ਹੋਏ ਉਨ੍ਹਾਂ ਦਾ ਵਿਸਥਾਰ ਕੀਤਾ ਹੈ। ਇਸ ਦੇ ਇਲਾਵਾ ਉਸ ਨੇ 'ਪੀਪਲਜ਼ ਲਿਬਰੇਸ਼ਨ ਆਰਮੀ' ਦੇ ਫੌਜੀਆਂ ਦੀ ਗਿਣਤੀ ਵਿਚ ਵੀ 3 ਲੱਖ ਤੱਕ ਦੀ ਕਟੌਤੀ ਕੀਤੀ ਹੈ। ਇਸ ਦੇ ਬਾਵਜੂਦ 20 ਲੱਖ ਦੇ ਫੌਜੀਆਂ ਦੇ ਨਾਲ ਪੀ.ਐੱਲ.ਏ. ਹਾਲੇ ਵੀ ਦੁਨੀਆ ਦੀ ਸਭ ਤੋਂ ਵੱਡੀ ਫੌਜ ਹੈ।


author

Vandana

Content Editor

Related News