ਚੀਨ ਨੇ ਗਲਤੀ ਨਾਲ 2 ਅਜਿਹੇ ਵੱਡੇ ਭੂਚਾਲਾਂ ਦੀ ਜਾਣਕਾਰੀ ਦਿੱਤੀ ਜੋ ਆਏ ਹੀ ਨਹੀਂ

04/20/2018 11:11:25 AM

ਬੀਜਿੰਗ(ਬਿਊਰੋ)— ਚੀਨ ਦੇ ਭੂਚਾਲ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗਲਤੀ ਨਾਲ 2 ਅਜਿਹੇ ਵੱਡੇ ਭੂਚਾਲਾਂ ਦੀ ਜਾਣਕਾਰੀ ਜਨਤਕ ਕਰ ਦਿੱਤੀ ਜੋ ਆਏ ਹੀ ਨਹੀਂ। ਇਹ ਅਸਲ ਵਿਚ ਸੂਚਨਾ ਦੇਣ ਲਈ ਕੀਤਾ ਜਾਣਾ ਵਾਲਾ ਇਕ ਅਭਿਆਸ ਸੀ, ਜੋ ਗਲਤੀ ਨਾਲ ਜਨਤਕ ਹੋ ਗਿਆ। ਚੀਨ ਦੇ ਭੂਚਾਲ ਪ੍ਰਸ਼ਾਸਨ ਨੇ ਵੀਰਵਾਰ ਨੂੰ ਆਪਣੀ ਵੈਬਸਾਈਟ 'ਤੇ ਜਾਣਕਾਰੀ ਦਿੱਤੀ ਕਿ ਦੇਸ਼ ਝਿੰਜਿਆਂਗ ਦੇ ਪੱਛਮੀ ਖੇਤਰ ਅਤੇ ਯੁਨਾਨ ਸੂਬੇ ਦੇ ਦੱਖਣੀ-ਪੱਛਮੀ ਦੇਸ਼ ਦੇ 2 ਸਿਰਿਆਂ 'ਤੇ ਸਿਰਫ 10 ਸਕਿੰਟ ਦੇ ਅੰਤਰਾਲ ਵਿਚ 6.5 ਤੀਬਰਤਾ ਦੇ 2 ਵੱਡੇ ਭੂਚਾਲ ਆਏ। ਇਹ ਜਾਣਕਾਰੀ ਵੈਬਸਾਈਟ 'ਤੇ ਘੱਟ ਤੋਂ ਘੱਟ ਇਕ ਘੰਟੇ ਤੱਕ ਦਿਖਾਈ ਗਈ।
ਪ੍ਰਸ਼ਾਸਨ ਨੇ ਆਪਣੇ ਬਿਆਨ ਵਿਚ ਕਿਹਾ ਅਸਲ ਵਿਚ ਇਹ ਐਮਰਜੈਂਸੀ ਅਭਿਆਸ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ 'ਬਦਕਿਸਮਤੀ ਨਾਲ ਭੂਚਾਲ ਦੇ ਅਭਿਆਸ ਦੀ ਜਾਣਕਾਰੀ ਲੀਕ ਹੋਣ 'ਤੇ ਮੀਡੀਆ ਨੇ ਇਸ ਨੂੰ ਜਨਤਕ ਕਰ ਦਿੱਤਾ, ਜਿਸ ਨਾਲ ਇਹ ਗਲਤਫਹਿਮੀ ਪੈਦਾ ਹੋਈ। ਅਜਿਹਾ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਸਬੰਧਤ ਵਿਭਾਗ ਨੂੰ ਇਸ ਸੂਚਨਾ ਨੂੰ ਵੈਬਸਾਈਟ ਤੋਂ ਹਟਾਉਣ ਨੂੰ ਕਿਹਾ।' ਜ਼ਿਕਰਯੋਗ ਹੈ ਕਿ ਚੀਨ ਭੂਚਾਲ ਦ੍ਰਿਸ਼ਟੀਕੋਣ ਤੋਂ ਇਕ ਸਰਗਰਮ ਦੇਸ਼ ਹੈ, ਜਿੱਥੇ ਅਕਸਰ ਵੱਡੇ ਭੂਚਾਲ ਆਉਂਦੇ ਰਹਿੰਦੇ ਹਨ। ਇਕ ਦਹਾਕਾ ਪਹਿਲਾਂ ਚੀਨ ਨੇ ਦੱਖਣੀ-ਪੱਛਮੀ ਸੂਬੇ ਸਿਚੁਆਨ ਵਿਚ 7.9 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ ਲੱਗਭਗ 7000 ਲੋਕਾਂ ਦੀ ਮੌਤ ਹੋ ਗਈ ਸੀ।


Related News