ਬ੍ਰਿਟੇਨ ਨੇ ਪਾਸ ਕੀਤਾ ਨਵਾਂ ਕਾਨੂੰਨ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲੋਂ ਕਰਵਾਈ ਜਾਵੇਗੀ ਜਾਸੂਸੀ
Saturday, Jan 09, 2021 - 05:08 PM (IST)
ਲੰਡਨ- ਬ੍ਰਿਟੇਨ ਸਰਕਾਰ ਨੇ ਜਾਸੂਸੀ ਕਾਨੂੰਨ ਵਿਚ ਵੱਡਾ ਬਦਲਾਅ ਕੀਤਾ ਹੈ। ਹੁਣ ਇੱਥੇ ਬੱਚਿਆਂ ਨੂੰ ਵੀ ਸੀਕ੍ਰੇਟ ਏਜੰਟ ਬਣਾਇਆ ਜਾ ਸਕਦਾ ਹੈ ਭਾਵ ਬੱਚਿਆਂ ਤੋਂ ਹੁਣ ਜਾਸੂਸੀ ਕਰਵਾਈ ਜਾ ਸਕਦੀ ਹੈ।
ਸਰਕਾਰੀ ਸੰਸਥਾਵਾਂ, ਫ਼ੌਜ ਅਤੇ ਇੱਥੋਂ ਤੱਕ ਕਿ ਜੂਏ ਸਬੰਧੀ ਨਜ਼ਰ ਰੱਖਣ ਵਾਲੀਆਂ ਸੰਸਥਾਵਾਂ ਵੀ ਬੱਚਿਆਂ ਨੂੰ ਜਾਸੂਸ ਵਜੋਂ ਵਰਤਣ ਦੀ ਤਿਆਰੀ ਵਿਚ ਹਨ। ਇੰਨਾ ਹੀ ਨਹੀਂ ਬੱਚਿਆਂ ਨੂੰ ਮਾਂ-ਬਾਪ ਦੀ ਜਾਸੂਸੀ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।
ਨਵੇਂ ਕਾਨੂੰਨ ਮੁਤਾਬਕ ਖ਼ਾਸ ਸਥਿਤੀਆਂ ਵਿਚ ਫ਼ੌਜ ਅਤੇ ਪੁਲਸ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਜਾਸੂਸੀ ਕਰਵਾ ਸਕਦੀਆਂ ਹਨ। ਇਸ ਦੇ ਨਾਲ ਹੀ ਹੋਰ ਸਰਕਾਰੀ ਸੰਸਥਾਵਾਂ ਵੀ ਉਨ੍ਹਾਂ ਤੋਂ ਕੰਮ ਲੈ ਸਕਦੀਆਂ ਹਨ। ਪੁਲਸ, ਐੱਮ. ਆਈ. 5, ਰਾਸ਼ਟਰੀ ਅਪਰਾਧਕ ਏਜੰਸੀ, ਜੂਏ ਸਬੰਧੀ ਕਮਿਸ਼ਨ, ਕਾਊਂਟੀ ਅਤੇ ਜ਼ਿਲ੍ਹਾ ਕੌਂਸਲ, ਵਾਤਾਵਰਣ ਏਜੰਸੀ ਤੇ ਫੂਡ ਸਟੈਂਡਰਡ ਏਜੰਸੀ ਵਰਗੀਆਂ ਸੰਸਥਾਵਾਂ ਵਿਸ਼ੇਸ਼ ਰੂਪ ਨਾਲ ਬੱਚਿਆਂ ਨੂੰ ਬਤੌਰ ਜਾਸੂਸ ਲੈ ਸਕਣਗੀਆਂ।
ਜਿੱਥੇ ਤੱਕ ਬੱਚਿਆਂ ਤੋਂ ਉਨ੍ਹਾਂ ਦੇ ਮਾਪਿਆਂ ਦੀ ਜਾਸੂਸੀ ਦੀ ਗੱਲ ਹੈ, ਇਸ ਨੂੰ ਦੋ ਹਿੱਸਿਆਂ ਵਿਚ ਵੰਡਿਆਂ ਗਿਆ ਹੈ। 16 ਸਾਲ ਤੋਂ ਘੱਟ ਬੱਚਿਆਂ ਨੂੰ ਉਨ੍ਹਾਂ ਦੇ ਘਰ ਖ਼ਿਲਾਫ਼ ਜਾਸੂਸੀ ਨਹੀਂ ਕਰਵਾਈ ਜਾਵੇਗੀ। ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਖ਼ਾਸ ਸਥਿਤੀਆਂ ਵਿਚ ਉਨ੍ਹਾਂ ਦੇ ਮਾਪਿਆਂ ਖ਼ਿਲਾਫ਼ ਜਾਣਕਾਰੀ ਇਕੱਠੀ ਕਰਨ ਤੋਂ ਪਹਿਲਾਂ ਸਾਵਧਾਨੀ ਪੂਰਵਕ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲਿਖਿਤ ਤੌਰ 'ਤੇ ਇਹ ਦੱਸਣਾ ਪਵੇਗਾ ਕਿ ਬੱਚਿਆਂ ਦੀ ਵਰਤੋਂ ਕਰਨ ਪਿੱਛੇ ਕਿਹੜਾ ਵਿਸ਼ੇਸ਼ ਕਾਰਨ ਸੀ। ਸਰਕਾਰ ਦੇ ਇਸ ਫ਼ੈਸਲੇ ਦਾ ਵੱਡੇ ਪੈਮਾਨੇ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਬ੍ਰਿਟੇਨ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਵਰਤੋਂ ਕਰਨ 'ਤੇ ਰੋਕ ਲੱਗਣੀ ਚਾਹੀਦੀ ਹੈ।
►ਬੱਚਿਆਂ ਕੋਲੋਂ ਜਾਸੂਸੀ ਕਰਵਾਉਣ ਦੀ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ