ਇਟਲੀ 'ਚ ਸੈਲਾਨੀਆਂ ਨਾਲ ਹੋ ਰਹੀ ਹੈ ਠੱਗੀ, 20 ਫੀਸਦੀ ਪੈਟਰੋਲ ਪੰਪ ਗੈਰ-ਕਾਨੂੰਨੀ

08/18/2018 5:54:25 PM

ਰੋਮ (ਕੈਂਥ)— ਅੱਜ-ਕੱਲ ਇਟਲੀ ਜਿੱਥੇ ਸੈਲਾਨੀਆਂ ਨਾਲ ਖੱਚਾ-ਖੱਚ ਭਰਿਆ ਹੈ, ਉੱਥੇ ਹੀ ਇਟਲੀ ਅੰਦਰ ਇਨ੍ਹਾਂ ਸੈਲਾਨੀਆਂ ਨੂੰ ਨਕਲੀ ਸਾਮਾਨ ਅਤੇ ਹੋਰ ਕਈ ਤਰ੍ਹਾਂ ਨਾਲ ਲੁੱਟਣ ਲਈ ਕੁਝ ਲੋਕ ਪੂਰੀ ਤਰ੍ਹਾਂ ਸਰਗਰਮ ਹਨ। ਇਟਲੀ ਪੁਲਸ ਅਜਿਹੇ ਗੈਰ-ਕਾਨੂੰਨੀ ਢੰਗ ਨਾਲ ਸੈਲਾਨੀਆਂ ਨੂੰ ਠੱਗਣ ਵਾਲੇ ਲੋਕਾਂ ਵਿਰੁੱਧ ਸਿਕੰਜ਼ਾ ਕੱਸ ਰਹੀ ਹੈ। ਜਿਸ 'ਚ ਟੈਕਸ ਚੌਰੀ, ਧੋਖਾਧੜੀ, ਅਪਰਾਧਕ ਗਤੀਵਿਧੀਆਂ ਅਤੇ ਹੋਰ ਕਾਨੂੰਨੀ ਢਾਂਚੇ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨੂੰ ਲੰਬੇ ਹੱਥੀਂ ਲੈ ਰਹੀ ਹੈ। ਇਟਲੀ ਦੀ ਪੁਲਸ ਨੇ ਦੇਸ਼ ਅੰਦਰ ਪੈਟਰੋਲ ਪੰਪਾਂ, ਨਕਲੀ ਮਾਲ ਦਾ ਉਤਪਾਦਨ ਅਤੇ ਵਿਕਰੀ, ਸੈਰ-ਸਪਾਟਾ ਖੇਤਰ ਵਿਚ ਸਥਿਤ ਹੋਟਲਾਂ ਦੇ ਲਾਇਸੈਂਸ ਜਿੱਥੇ ਕਿ ਗੈਰ-ਕਾਨੂੰਨੀ ਕੰਮ ਹੋਣ ਦਾ ਸ਼ੱਕ ਲੱਗਦਾ ਹੈ, ਸਭ ਦੀ ਜਾਂਚ ਕੀਤੀ।

ਪੁਲਸ ਨੇ ਇਟਲੀ ਦੀਆਂ ਸੜਕਾਂ 'ਤੇ 1,379 ਪੈਟਰੋਲ ਪੰਪਾਂ ਦੀ ਜਾਂਚ ਕੀਤੀ, ਜਿਸ ਵਿਚ 5 'ਚੋਂ 1 ਪੈਟਰੋਲ ਪੰਪ ਨੂੰ ਗੈਰ-ਕਾਨੂੰਨੀ ਪਾਇਆ ਗਿਆ। ਇਨ੍ਹਾਂ ਪੈਟਰੋਲ ਪੰਪਾਂ ਤੋਂ 500,000 ਲੀਟਰ ਪੈਟਰੋਲ ਜ਼ਬਤ ਕੀਤਾ ਗਿਆ। ਪੁਲਸ ਨੇ ਵੱਖ-ਵੱਖ 22,271 ਸੈਕਟਰ ਚੈੱਕ ਕੀਤੇ, ਜਿੱਥੇ ਕਿ ਜੂਨ ਦੇ ਅੱਧ ਤੋਂ ਰੋਜ਼ਾਨਾ 500 ਔਸਤਨ ਆਮਦਨ ਦਾ ਕੰਮ ਹੁੰਦਾ ਸੀ ਪਰ ਜਾਂਚ ਮੌਕੇ ਇਨ੍ਹਾਂ ਸੈਕਟਰਾਂ ਦੇ ਚਿੰਤਾਜਨਕ ਨਤੀਜੇ ਮਿਲੇ। ਪੁਲਸ ਮੁਤਾਬਕ ਛੁੱਟੀਆਂ ਵਿਚ ਕਿਰਾਏ ਵਾਲੇ ਘਰਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਹਰ ਦੂਜਾ ਅਤੇ ਤੀਜਾ ਘਰ ਇਟਾਲੀਅਨ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਲਈ ਕਿਰਾਏ ਉੱਪਰ ਦਿੱਤੇ ਜਾਂਦੇ ਹਨ ਪਰ ਹੈਰਾਨੀ ਦੀ ਗੱਲ ਇਹ ਕਿ ਇਨ੍ਹਾਂ ਘਰਾਂ ਤੋਂ ਸਰਕਾਰ ਦੇ ਖਾਤੇ ਇਕ ਪੈਸਾ ਵੀ ਟੈਕਸ ਨਹੀਂ ਜਾ ਰਿਹਾ। 

ਪੁਲਸ ਨੇ ਦੇਸ਼ ਅੰਦਰ ਜਾਂਚ ਅਨੁਸਾਰ ਪਾਇਆ ਕਿ 2,000 ਅਜਿਹੇ ਵਪਾਰਕ ਅਦਾਰੇ ਹਨ, ਜਿਨ੍ਹਾਂ ਕੋਲ ਮਨਜ਼ੂਰੀ ਨਹੀਂ ਅਤੇ 2,080 ਅਜਿਹੇ ਕਰਿੰਦੇ ਹਨ, ਜਿਨ੍ਹਾਂ ਦੀ ਤਨਖਾਹ ਦਾ ਰਿਕਾਰਡ ਕਿਤਾਬ 'ਚ ਨਹੀਂ ਹੈ। ਜਾਂਚ ਮੌਕੇ ਇਟਲੀ ਦੇ ਸ਼ਹਿਰ ਵਿਰੋਨਾ ਵਿਖੇ ਇਕ ਅਜਿਹੀ ਸੰਸਥਾ ਦਾ ਵੀ ਖੁਲਾਸਾ ਹੋਇਆ ਜੋ ਕਿ ਗੈਰ-ਕਾਨੂੰਨੀ ਮਜ਼ਦੂਰਾਂ ਨੂੰ ਕੰਮ ਦੇਣ ਲਈ ਸਮਰਪਿਤ ਸੀ। ਪੁਲਸ ਦੀ 13 ਅਗਸਤ 2018 ਨੂੰ ਪੇਸ਼ ਕੀਤੀ ਰਿਪੋਰਟ ਅਨੁਸਾਰ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਮੌਕੇ ਜੂਨ ਅੱਧ ਤਕ ਦੇਸ਼ ਦੀਆਂ ਬੰਦਰਗਾਹਾਂ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਅਜਿਹੀਆਂ ਜਨਤਕ ਥਾਵਾਂ (ਜਿੱਥੇ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ) ਉੱਤੇ  ਘੱਟੋ-ਘੱਟ 587 ਵਿਅਕਤੀਆਂ ਨੂੰ ਰੋਕਿਆ ਗਿਆ, ਜਿਨ੍ਹਾਂ ਕੋਲੋਂ 23 ਟਨ ਨਸ਼ੀਲੇ ਪਦਾਰਥ ਅਤੇ 13 ਟਨ ਗੈਰ-ਕਾਨੂੰਨੀ ਸਿਗਰਟਾਂ ਨੂੰ ਬਰਾਮਦ ਕੀਤਾ ਗਿਆ। ਗਰਮੀਆਂ 'ਚ ਹੀ 9 ਮਿਲੀਅਨ ਦਾ ਨਕਲੀ ਸਾਮਾਨ ਜ਼ਬਤ ਕੀਤਾ ਗਿਆ, ਜਿਨ੍ਹਾਂ 'ਚ ਖਿਡੌਣੇ, ਕੱਪੜੇ ਅਤੇ ਇਲੈਕਟ੍ਰਾਨਿਕ ਸਾਮਾਨ ਦਾ ਮੁੱਖ ਉਤਪਾਦ ਹੁੰਦਾ ਸੀ। ਗੈਰ-ਕਾਨੂੰਨੀ ਟੂਰਿਜ਼ਮ ਏਜੰਟ ਸਭ ਤੋਂ ਜ਼ਿਆਦਾ ਰੋਮ ਵਿਚ ਹਨ, ਜਿਹੜੇ ਕਿ ਇਤਿਹਾਸਕ ਇਮਾਰਤਾਂ ਦੇ ਨੇੜੇ ਖਤਰਨਾਕ ਪਾਣੀ ਵੇਚਦੇ ਹਨ।


Related News