ਚਾਰਲਸ ਅਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਇਕ ਟੁਕੜਾ  1,850 ਪੌਂਡ ''ਚ ਵਿਕਿਆ

Thursday, Aug 12, 2021 - 05:01 PM (IST)

ਚਾਰਲਸ ਅਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਇਕ ਟੁਕੜਾ  1,850 ਪੌਂਡ ''ਚ ਵਿਕਿਆ

ਲੰਡਨ (ਭਾਸ਼ਾ)- ਰਾਜਕੁਮਾਰ ਚਾਰਲਸ ਅਤੇ ਰਾਜਕੁਮਾਰੀ ਡਾਇਨਾ ਦੇ ਵਿਆਹ ਦੇ ਕੇਕ ਦਾ ਇਕ ਟੁਕੜਾ 1,850 ਪੌਂਡ ਵਿਚ ਨਿਲਾਮ ਹੋਇਆ ਹੈ। ਵਿਆਹ ਦੇ 40 ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਇਹ ਇਕ ਨਿਲਾਮੀ ਵਿਚ ਇੰਨੀ ਵੱਡੀ ਕੀਮਤ ਵਿਚ ਵਿਕਿਆ ਹੈ। ਕੇਕ ਦਾ ਇਹ ਟੁਕੜਾ ਵਿਆਹ ਦੇ 23 ਅਧਿਕਾਰਤ ਕੇਕਸ ਵਿਚੋਂ ਇਕ ਹੈ ਜੋ ਬ੍ਰਿਟਿਸ਼ ਸ਼ਾਹੀ ਜੋੜੇ ਨੇ ਆਪਣੇ ਵਿਆਹ ਵਿਚ ਪਰੋਸਿਆ ਸੀ। ਕੇਕ ਆਈਸਿੰਗ (ਸਜਾਵਟ ਲਈ ਤਿਆਰ ਮਿਸ਼ਰਨ) ਅਤੇ ਬਦਾਮ ਦੀ ਮਠਿਆਈ ਨਾਲ ਬਣੇ ਬੇਸ ਵਿਚ ਸ਼ਾਹੀ 'ਕੋਟ ਆਫ਼ ਆਰਮਜ਼' ਨੂੰ ਸੁਨਹਿਰੇ, ਲਾਲ, ਨੀਲੇ ਅਤੇ ਚਾਂਦੀ ਨਾਲ ਸਜੇ ਵਿਸਤ੍ਰਿਤ ਡਿਜ਼ਾਈਨ ਨੂੰ ਵਿਸ਼ੇਸ਼ ਰੂਪ ਨਾਲ ਦਰਸਾਇਆ ਗਿਆ ਸੀ। ਇਹ ਟੁਕੜਾ ਮਹਾਰਾਣੀ ਮਦਰ ਦੇ ਸਟਾਫ਼ ਦੀ ਮੈਂਬਰ ਮੋਯਾ ਸਮਿਥ ਨੂੰ ਦਿੱਤਾ ਗਿਆ ਸੀ, ਜਿਸ ਨੇ ਇਸ ਨੂੰ ਇਕ ਸਖ਼ਤ ਪਕੜ ਵਾਲੀ ਫ਼ਿਲਮ ਨਾਲ ਸੁਰੱਖਿਅਤ ਰੱਖਿਆ ਸੀ ਅਤੇ ਇਸ 'ਤੇ 29 ਜੁਲਾਈ 1981 ਦੀ ਤਾਰੀਖ਼ ਲਿਖੀ ਹੈ। 

PunjabKesari

ਬੀ.ਬੀ.ਸੀ. ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਸਮਿਥ ਨੇ ਟੁੱਕੜੇ ਨੂੰ ਇਕ ਪੁਰਾਣੇ ਕੇਕ ਦੇ ਟੀਨ ਵਿਚ ਰੱਖਿਆ ਸੀ ਅਤੇ ਇਸ ਦੇ ਢੱਕਨ 'ਤੇ ਹੱਥ ਨਾਲ ਬਣਾਇਆ ਲੇਬਲ ਚਿਪਕਾਇਆ ਸੀ, ਜਿਸ 'ਤੇ ਲਿਖਿਆ ਸੀ, 'ਧਿਆਨ ਨਾਲ ਛੋਹੋ' - ਰਾਜਕੁਮਾਰ ਚਾਰਲਸ ਅਤੇ ਰਾਜਕੁਮਾਰੀ ਡਾਇਨਾ ਦੇ ਵਿਆਹ ਦਾ ਕੇਕ।' ਉਸ ਦੇ ਪਰਿਵਾਰ ਨੇ ਇਹ ਕੇਕ 2008 ਵਿਚ ਇਕ ਕੁਲੈਕਟਰ ਨੂੰ ਵੇਚ ਦਿੱਤਾ ਸੀ। ਦੁਨੀਆ ਭਰ ਦੇ ਲੋਕਾਂ ਨੇ ਬੋਲੀ ਵਿਚ ਹਿੱਸਾ ਲਿਆ ਅਤੇ ਕੇਕ ਦਾ ਟੁਕੜਾ ਬੁੱਧਵਾਰ ਨੂੰ ਗੈਰੀ ਲੀਟਨ ਨੂੰ ਵੇਚ ਦਿੱਤਾ ਗਿਆ। ਇਸ ਟੁਕੜੇ ਤੋਂ ਸਿਰਫ਼ 500 ਪੌਂਡ ਮਿਲਣ ਦੀ ਉਮੀਦ ਸੀ ਪਰ ਨਿਲਾਮੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸ ਦੀ ਕੀਮਤ ਤੋਂ 'ਹੈਰਾਨ' ਹਨ।


author

cherry

Content Editor

Related News