ਆਸਟ੍ਰੇਲੀਆ ''ਚ 10 ਅਗਸਤ ਨੂੰ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਵਿਸ਼ੇਸ਼ ਉਪਰਾਲੇ

Tuesday, Jul 06, 2021 - 06:25 PM (IST)

ਆਸਟ੍ਰੇਲੀਆ ''ਚ 10 ਅਗਸਤ ਨੂੰ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਵਿਸ਼ੇਸ਼ ਉਪਰਾਲੇ

ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਭਰ ਵਿੱਚ ਅਗਸਤ ਮਹੀਨੇ ਵਿੱਚ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ ਜਿਸ ਤਹਿਤ ਦੇਸ਼ ਭਰ ਦੇ ਵਸਨੀਕਾਂ ਦੀ ਗਿਣਤੀ ਦਰਜ ਹੋਵੇਗੀ।ਆਸਟ੍ਰੇਲੀਆਈ ਅੰਕੜਾ ਵਿਭਾਗ ਵੱਲੋਂ ਕੌਮੀ ਪੱਧਰ 'ਤੇ ਕਰਵਾਈ ਜਾ ਰਹੀ ਇਸ ਮਰਦਮਸ਼ੁਮਾਰੀ ਦੇ ਆਧਾਰ 'ਤੇ ਦੇਸ਼ ਵਿੱਚ ਰਹਿ ਰਹੇ ਵੱਖ-ਵੱਖ ਕੌਮਾਂ, ਧਰਮਾਂ,ਭਾਸ਼ਾਵਾਂ ਦੀ ਪੜਚੋਲ ਕੀਤੀ ਜਾਵੇਗੀ। 4 ਜੁਲਾਈ ਤੋਂ ਜਨਤਾ ਨੂੰ ਬਿਹਤਰ ਤਰੀਕੇ ਨਾਲ ਜਾਗਰੂਕ ਕਰਵਾਉਣ ਲਈ ਸਰਕਾਰ ਵੱਲੋਂ ਅਖ਼ਬਾਰ, ਟੈਲ਼ੀਵਿਜ਼ਨ, ਰੇਡੀਓ ਅਤੇ ਸ਼ੋਸ਼ਲ ਮੀਡੀਆ ਉੱਤੇ ਇਸ਼ਤਿਹਾਰਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ।

ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਅੰਕੜਾ ਵਿਭਾਗ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।ਵਿਭਾਗ ਵਲੋਂ ਹਰ ਘਰ ਨੂੰ ਡਾਕ ਦੁਆਰਾ ਇੱਕ ਦਸਤਾਵੇਜ਼ ਭੇਜਿਆ ਜਾਵੇਗਾ ਜਿਸ ਵਿੱਚ ਉਹਨਾਂ ਲਈ ਆਪਣੀ ਹਾਜ਼ਰੀ ਨੂੰ ਆਨਲਾਈਨ ਜਾਂ ਪੇਪਰ ਰਾਹੀਂ ਭਰਨ ਲਈ ਵਿਸ਼ੇਸ਼ ਕੋਡ ਹੋਵੇਗਾ। ਆਪਣੀ ਹਾਜ਼ਰੀ ਦਰਜ਼ ਕਰਵਾਉਣ ਲਈ 10 ਅਗਸਤ ਦਾ ਦਿਨ ਤੈਅ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਵਲੋਂ ਵੱਖ-ਵੱਖ ਮੰਚਾਂ ਰਾਹੀਂ ਪੰਜਾਬੀ ਭਾਈਚਾਰੇ ਨੂੰ ਜਾਗਰੂਕ ਕਰਕੇ ਇਸ ਮਰਦਮਸ਼ੁਮਾਰੀ ਵਿੱਚ ਲਾਜ਼ਮੀ ਭਾਗ ਲੈਣ ਲਈ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸੈਨੇਟਰ ਨੇ ਚੀਨ ਨੂੰ ਦੱਸਿਆ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ 
 

ਇਸ ਮਰਦਮਸ਼ੁਮਾਰੀ ਦੁਆਰਾ ਇਕੱਠੀ ਹੋਈ ਜਾਣਕਾਰੀ ਦੇ ਆਧਾਰ ਤੇ ਵੱਖ-ਵੱਖ ਭਾਈਚਾਰਿਆਂ ਨੂੰ ਸਰਕਾਰੀ ਗਰਾਟਾਂ, ਘਰ, ਸਕੂਲ, ਹਸਪਤਾਲ, ਉਦਯੋਗ ਆਦਿ ਬੁਨਿਆਦੀ ਲੋੜਾਂ ਨੂੰ ਗਿਣਤੀ ਦੇ ਆਧਾਰ 'ਤੇ ਹੱਲ ਕਰਨ ਵਿੱਚ ਮਦਦ ਮਿਲੇਗੀ।ਇਸ ਮਰਦਮਸ਼ੁਮਾਰੀ ਵਿੱਚ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ ਭਾਵੇਂ ਉਹ ਕਿਸੇ ਵੀ ਵੀਜ਼ੇ 'ਤੇ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੋਵੇ।ਇਸ ਤਾਰੀਖ਼ ਨੂੰ ਦੇਸ਼ ਤੋਂ ਬਾਹਰ ਰਹਿ ਰਹੇ ਆਸਟ੍ਰੇਲੀਆਈ ਵਸਨੀਕ ਇਸ ਮੁਹਿੰਮ ਦਾ ਹਿੱਸਾ ਨਹੀਂ ਬਣ ਸਕਣਗੇ।ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਕੌਮੀ ਮਰਦਮਸ਼ੁਮਾਰੀ ਦੀ ਸ਼ੁਰੂਆਤ 1911 ਵਿੱਚ ਹੋਈ ਸੀ। ਹਰ ਪੰਜਵੇਂ ਸਾਲ ਹੋਣ ਵਾਲੀ ਇਸ ਮਰਦਮਸ਼ੁਮਾਰੀ ਤੋਂ ਬਾਅਦ ਮਿਲਣ ਵਾਲੇ ਅੰਕੜਿਆਂ ਦੇ ਆਧਾਰ 'ਤੇ ਭਵਿੱਖਤ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ।

ਅਗਸਤ 2016 ਦੇ ਅੰਕੜਿਆਂ ਤੇ ਇੱਕ ਪੰਛੀ ਝਾਤ :
- ਆਸਟ੍ਰੇਲੀਆ ਦੀ ਕੁੱਲ ਆਬਾਦੀ - 2,34,01,892 (ਤਕਰੀਬਨ)
- ਪੁਰਸ਼ਾਂ ਦੀ ਗਿਣਤੀ-  49.3 ਫੀਸਦੀ
- ਔਰਤਾਂ ਦੀ ਗਿਣਤੀ - 50.7 ਫੀਸਦੀ
- ਭਾਰਤੀਆਂ ਦੀ ਕੁੱਲ ਗਿਣਤੀ - 4,55,389
- ਪੰਜਾਬੀਆਂ ਦੀ ਗਿਣਤੀ - 1,32,496
- ਸਭ ਤੋਂ ਜ਼ਿਆਦਾ ਮੰਨਿਆ ਜਾਣ ਵਾਲਾ ਧਰਮ - ਈਸਾਈ


author

Vandana

Content Editor

Related News