ਮਿਆਂਮਾਰ ਵਿਚ ਸਾਮੂਹਿਕ ਕਬਰਾਂ ਮਿਲਣ ਮਗਰੋਂ ਲਾਪਤਾ ਹਿੰਦੂਆਂ ਦੀ ਤਲਾਸ਼ ਤੇਜ਼

09/25/2017 2:19:53 PM

ਯੰਗੂਨ (ਭਾਸ਼ਾ)— ਮਿਆਂਮਾਰ ਦੇ ਹਿੰਸਾਗ੍ਰਸਤ ਰਖਾਇਨ ਸੂਬੇ ਨੇੜੇ 28 ਲਾਸ਼ਾਂ ਵਾਲਾ ਇਕ ਸਾਮੂਹਿਕ ਕਬਰਸਤਾਨ ਮਿਲਣ ਮਗਰੋਂ ਹੁਣ ਫੌਜੀ ਲਾਪਤਾ ਹਿੰਦੂਆਂ ਦੀ ਤਲਾਸ਼ ਵਿਚ ਜੁੱਟ ਗਏ ਹਨ। ਫੌਜ ਦਾ ਕਹਿਣਾ ਹੈ ਕਿ ਇਹ ਕੱਤਲੇਆਮ ਰੋਹਿੰਗਿਆ ਮੁਸਲਿਮ ਅੱਤਵਾਦੀਆਂ ਨੇ ਕੀਤਾ ਹੈ। ਮਿਆਂਮਾਰ ਦੀ ਫੌਜ ਨੇ ਕੱਲ ਕਿਹਾ ਸੀ ਕਿ ਉਸ ਨੁੰ ਉੱਤਰੀ ਰਖਾਇਨ ਦੇ ਬਾਹਰ ਇਕ ਪਿੰਡ ਵਿਚ ਦੋ ਡੂੰਘੇ ਟੋਏ ਮਿਲੇ ਹਨ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚਿਆਂ ਸਮੇਤ 28 ਹਿੰਦੂਆਂ ਦੀਆਂ ਲਾਸ਼ਾਂ ਦਫਨ ਹਨ। 
ਖੇਤਰ ਦੇ ਹਿੰਦੂ ਵਾਸੀਆਂ ਨੇ ਬੀਤੇ ਹਫਤੇ ਪੱਤਰਕਾਰਾਂ ਨੂੰ ਦੱਸਿਆ ਸੀ ਰੋਹਿੰਗਿਆ ਮੁਸਲਮਾਨਾਂ ਨੇ 25 ਅਗਸਤ ਨੂੰ ਉਨ੍ਹਾਂ ਦੇ ਭਾਈਚਾਰੇ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਹਿੰਦੂਆਂ ਦਾ ਕਤਲ ਕਰ ਦਿੱਤਾ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਗਏ ਸਨ। ਫੌਜ ਮੁਖੀ ਮਿਨ ਔਂਦ ਹਲਾਂਗ ਨੇ ਫੇਸਬੁੱਕ ਪੋਸਟ ਵਿਚ ਪਾਏ ਸੰਦੇਸ਼ ਵਿਚ ਕਿਹਾ ,''ਸੁਰੱਖਿਆਂ ਬਲਾਂ ਦੇ ਜਵਾਨ ਟੋਇਆਂ ਦੇ ਆਲੇ-ਦੁਆਲੇ ਦੇ ਸਥਾਨਾਂ 'ਤੇ ਹੋਰ ਹਿੰਦੂਆਂ ਦੀ ਤਲਾਸ਼ ਕਰ ਰਹੇ ਹਨ।'' ਖੇਤਰ ਦੇ ਵਿਸਥਾਪਿਤ ਹਿੰਦੂਆਂ ਨੇ ਪੱਤਰਕਾਰਾਂ ਨੂੰ  2 ਪਿੰਡਾਂ ਦੇ 102 ਲੋਕਾਂ ਦੇ ਨਾਂਵਾਂ ਦੀ ਸੂਚੀ ਦਿਖਾਈ ਹੈ, ਜਿਨ੍ਹਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਇਕ ਅਧਿਕਾਰੀ ਨੇ ਕਿਹਾ,''ਅਸੀਂ ਪਿੰਡ ਵਾਲਿਆਂ ਨਾਲ ਮਿਲ ਕੇ ਤਲਾਸ਼ ਦਾ ਕੰਮ ਜਾਰੀ ਰਖਾਂਗੇ।'' ਸਰਕਾਰ ਨੇ ਹਿੰਸਾਗ੍ਰਸਤ ਖੇਤਰਾਂ ਵਿਚ ਲੋਕਾਂ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਦੋਸ਼ਾਂ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ ਪਰ ਫੌਜ ਨੇ ਸਿੱਧੇ ਤੌਰ 'ਤੇ ਇਸ ਲਈ ਰੋਹਿੰਗਿਆ ਮੁਸਲਮਾਨਾਂ ਦਾ ਨਾਂ ਲਿਆ ਹੈ।


Related News