ਵਿਲੇਤਰੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਆਯੋਜਿਤ
Monday, Feb 24, 2025 - 12:40 PM (IST)

ਰੋਮ (ਕੈਂਥ)- ਇਟਲੀ ਦੇ ਲਾਸੀਓ ਇਲਾਕੇ ਦੇ ਪ੍ਰਸਿੱਧ ਸ਼ਹਿਰ ਵਿਲੇਤਰੀ (ਰੋਮ) ਵਿਖੇ ਸਥਿਤ ਪੁਰਾਤਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮਹਾਨ ਤੇ ਪਵਿੱਤਰ ਦਿਵਸ ਮੌਕੇ ਨਿਸ਼ਾਨ ਸਾਹਿਬ ਦੀ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਸੰਗਤਾਂ ਨੇ ਗੁਰੂ ਦੇ ਜੈਕਾਰੇ ਲਾਉਂਦੇ ਕੀਤੀ ਤੇ ਉਪਰੰਤ ਸੰਪੂਰਨਤਾ ਨਾਲ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਆਰੰਭੇ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਸਜੇ ਦੀਵਾਨਾਂ ਤੋਂ ਪੰਥ ਦੇ ਪ੍ਰਸਿੱਧ ਕੀਰਤਾਨੀਏ ਰਾਗੀ ਭਾਈ ਵਿਕਰਮਜੀਤ ਸਿੰਘ ਤੇ ਸਾਥੀਆਂ ਵੱਲੋਂ ਗੁਰੂ ਸਾਹਿਬ ਦੀ ਰਚਿਤ ਇਲਾਹੀ ਬਾਣੀ ਦਾ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ ਗਿਆ। ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਭਾਈ ਪਰਮਜੀਤ ਸਿੰਘ ਜੰਮੂ ਵਾਲਿਆਂ ਦੇ ਜਥੇ ਵੱਲੋਂ ਸੁਰੀਲੀ ਆਵਾਜ਼ ਨਾਲ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਸਮਾਗਮ ਵਿੱਚ ਲਾਸੀਓ ਸੂਬੇ ਦੇ ਕੁਝ ਵੱਖ-ਵੱਖ ਗੁਰਦੁਆਰਿਆਂ ਤੇ ਮੰਦਿਰ ਕਮੇਟੀਆਂ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ ।