ਮੈਲਬੌਰਨ ''ਚ ਮਨਾਇਆ ਗਿਆ ਪੰਜਾਬੀ ਮਾਂ ਬੋਲੀ ਦਿਹਾੜਾ

02/25/2020 1:54:30 AM

ਮੈਲਬੌਰਨ (ਮਨਦੀਪ ਸੈਣੀ)- ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ 'ਚ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵਲੋਂ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਈਆਂ ਪੰਜਾਬੀ ਸਾਹਿਤ ਦੀਆਂ ਦੋ ਮਹਾਨ ਸ਼ਖਸੀਅਤਾਂ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਹੋਰਾਂ ਦੇ ਸਾਹਿਤਕ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਇਸ ਸਮਾਰੋਹ 'ਚ 5 ਸਾਲ ਤੋਂ 18 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ "ਵਿਦੇਸ਼ਾਂ 'ਚ ਬੱਚਿਆਂ ਨੂੰ ਪੰਜਾਬੀ ਸਿਖਾਉਣਾ ਕਿਉਂ ਜਰੂਰੀ" ਅਤੇ "ਬੱਚਿਆਂ ਨੂੰ ਪੰਜਾਬੀ ਸਿਖਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਹੱਲ" ਵਿਸ਼ੇ 'ਤੇ ਵਿਚਾਰ ਚਰਚਾ ਕੀਤੀ ਗਈ| ਵਿਚਾਰ ਚਰਚਾ 'ਚ ਅਧਿਆਪਨ ਖੇਤਰ ਨਾਲ ਜੁੜੀਆਂ ਕੁਝ ਸ਼ਖਸੀਅਤਾਂ ਨੇ ਵੀ ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਵਿੱਚ ਆ ਰਹੀਆਂ ਮੁਸ਼ਕਲਾਂ 'ਤੇ ਚਾਨਣਾ ਪਾਇਆ।

PunjabKesari

ਇਸ ਸਮਾਰੋਹ ਦਾ ਮੁੱਖ ਉਦੇਸ਼ ਆਸਟ੍ਰੇਲੀਆ 'ਚ ਵਸਦੇ ਪੰਜਾਬੀਆਂ ਨੂੰ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖਣ ਲਈ ਕੀਤੇ ਯਤਨਾਂ ਲਈ ਉਤਸ਼ਾਹਿਤ ਕਰਨਾ ਸੀ| ਇਸ ਮੌਕੇ ਦਰਸ਼ਕਾਂ ਲਈ ਪੰਜਾਬੀ ਬੋਲੀ ਨਾਲ ਜੁੜੇ ਸਵਾਲ- ਜਵਾਬ ਦੇ ਕੁਝ ਰੋਚਕ ਦੌਰ ਵੀ ਰੱਖੇ ਗਏ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਗੁਰਮੁਖੀ 'ਚ ਲਿਖੇ ਪਿਆਲੇ ਇਨਾਮ ਵਜੋਂ ਦਿੱਤੇ ਗਏ। ਅਕੈਡਮੀ ਦੇ ਵਿਦਿਆਰਥੀਆਂ ਵਲੋਂ ਕਵੀਸ਼ਰੀ, ਕਵਿਤਾਵਾਂ, ਗੀਤ ਅਤੇ ਪੰਜਾਬੀ ਬੋਲੀ ਬਾਰੇ ਇਕ ਲਘੂ ਨਾਟਕ ਵੀ ਪੇਸ਼ ਕੀਤਾ ਗਿਆ। ਸਾਰੇ ਭਾਗੀਦਾਰਾਂ ਅਤੇ ਬੁਲਾਰਿਆਂ ਨੂੰ ਅਕੈਡਮੀ ਵਲੋਂ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਪੰਜਾਬੀ ਸੱਥ ਪਰਥ ਵਲੋਂ ਛਪਵਾਏ ਗੁਰਮੁਖੀ ਅੱਖਰਾਂ ਅਤੇ ਪੰਜਾਬੀ ਗਿਣਤੀ ਦੇ ਚਾਰਟ ਵੀ ਦਿੱਤੇ ਗਏ।

ਇਸ ਮੌਕੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਅਮਰਦੀਪ ਕੌਰ ਅਤੇ ਹਰਮੰਦਰ ਕੰਗ ਨੇ ਸੰਭਾਲੀ। ਅਕੈਡਮੀ ਦੀ ਪ੍ਰਬੰਧਕਾ ਅਮਰਦੀਪ ਕੌਰ ਅਨੁਸਾਰ ਇਸ ਪੰਜਾਬੀ ਦਿਹਾੜੇ ਨੂੰ ਸਫਲ ਬਣਾਉਣ 'ਚ ਤਕਦੀਰ ਦਿਓਲ, ਹਰਮੰਦਰ ਕੰਗ, ਮਨਪ੍ਰੀਤ ਸਿੰਘ, ਗਗਨ ਹੰਸ, ਕਿਰਪਾਲ  ਸਿੰਘ, ਰੀਤ ਵਿਰਕ ਅਤੇ ਵਿਟਲਸੀ ਹਾਕੀ ਕਲੱਬ ਦੇ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਅੰਤ 'ਚ ਪ੍ਰਬੰਧਕਾਂ ਵਲੋਂ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਏ ਮਹਿਮਾਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਸਾਹਿਤ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੀ ਬਦੌਲਤ ਇਹ ਪੰਜਾਬੀ ਮਾਂ ਬੋਲੀ ਦਿਹਾੜਾ ਇਕ ਸਫਲ ਸਮਾਰੋਹ ਹੋ ਨਿਬੜਿਆ|


Sunny Mehra

Content Editor

Related News