ਜਹਾਜ਼ ''ਚ ਬਜ਼ੁਰਗ ਜੋੜੇ ਦਾ ਸ਼ਰਮਨਾਕ ਕਾਰਾ, ਏਅਰਲਾਈਨ ਨੇ ਸਫਰ ਕਰਨ ''ਤੇ ਲਾਈ ਪਾਬੰਦੀ (Video)
Monday, Sep 23, 2024 - 07:06 PM (IST)
ਲੰਡਨ : ਹਵਾਈ ਯਾਤਰਾ ਇਕ ਮੁਟਿਆਰ ਲਈ ਸਿਰਦਰਦੀ ਸਾਬਤ ਹੋਈ ਕਿਉਂਕਿ ਉਸ ਨੂੰ 15 ਘੰਟੇ ਤੱਕ ਆਪਣੀ ਸੀਟ ਦੇ ਪਿੱਛੇ ਬੈਠੇ ਬਜ਼ੁਰਗ ਜੋੜੇ ਵੱਲੋਂ ਲਗਾਤਾਰ ਤੰਗ ਕੀਤਾ ਜਾਂਦਾ ਰਿਹਾ। ਇਹ ਘਟਨਾ ਕੈਥੇ ਪੈਸੀਫਿਕ ਏਅਰਲਾਈਨ 'ਤੇ ਵਾਪਰੀ, ਜੋ ਹਾਂਗਕਾਂਗ ਤੋਂ ਲੰਡਨ ਲਈ ਉਡਾਣ ਭਰ ਰਹੀ ਸੀ। ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਸੀਟ ਨੂੰ ਲੱਤ ਮਾਰੀ, ਗੰਦੇ ਇਸ਼ਾਰੇ ਕੀਤੇ
ਲੜਕੀ ਨੇ ਆਪਣੀ ਰਿਕਲਾਈਨਰ ਸੀਟ ਨੂੰ ਪਿੱਛੇ ਹਟਾਇਆ ਸੀ ਤਾਂ ਕਿ ਉਹ ਆਰਾਮ ਕਰ ਸਕੇ, ਪਰ ਪਿੱਛੇ ਬੈਠੀ ਔਰਤ ਨੇ ਇਸ 'ਤੇ ਇਤਰਾਜ਼ ਜਤਾਇਆ ਅਤੇ ਉਸ ਨੂੰ ਆਪਣੀ ਸੀਟ ਸਿੱਧੀ ਕਰਨ ਲਈ ਕਿਹਾ ਕਿਉਂਕਿ ਉਹ ਸਾਹਮਣੇ ਟੀਵੀ ਸਕਰੀਨ ਠੀਕ ਤਰ੍ਹਾਂ ਨਹੀਂ ਦੇਖ ਸਕਦੀ ਸੀ। ਜਦੋਂ ਲੜਕੀ ਨੇ ਆਪਣੀ ਸੀਟ ਸਿੱਧੀ ਨਹੀਂ ਕੀਤੀ ਤਾਂ ਪਤੀ-ਪਤਨੀ ਨੇ ਉਸ ਦੀ ਸੀਟ 'ਤੇ ਲੱਤਾਂ ਮਾਰੀਆਂ, ਹੱਥਾਂ ਨਾਲ ਉਸ ਨੂੰ ਧੱਕਾ ਮਾਰਿਆ ਤੇ ਅਸ਼ਲੀਲ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ।
ਲੜਕੀ ਨੇ ਵੀਡੀਓ ਵਾਇਰਲ ਕਰ ਦਿੱਤੀ
ਲੜਕੀ ਨੇ ਇਸ ਘਟਨਾ ਦੀ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ 'ਚ ਬਜ਼ੁਰਗ ਔਰਤ ਨੂੰ ਸੀਟ ਨੂੰ ਲੱਤਾਂ ਮਾਰਦੇ ਅਤੇ ਅਸ਼ਲੀਲ ਇਸ਼ਾਰੇ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਏਅਰਲਾਈਨ ਦੀ ਆਲੋਚਨਾ ਕੀਤੀ।
ਏਅਰਲਾਈਨ ਨੇ ਜੋੜੇ 'ਤੇ ਪਾਬੰਦੀ ਲਾਈ
ਜਦੋਂ ਮਾਮਲਾ ਵਧਿਆ ਤਾਂ ਏਅਰਲਾਈਨ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਜੋੜੇ ਨੂੰ ਆਪਣੀ ਏਅਰਲਾਈਨ 'ਤੇ ਉਡਾਣ ਭਰਨ 'ਤੇ ਪਾਬੰਦੀ ਲਗਾ ਦਿੱਤੀ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਲੜਕੀ ਦੇ ਹੌਂਸਲੇ ਦੀ ਤਾਰੀਫ ਕੀਤੀ ਅਤੇ ਬਜ਼ੁਰਗ ਜੋੜੇ ਦੀ ਨਿੰਦਾ ਕੀਤੀ।