ਕੈਨੇਡਾ ਦੀ ਰਾਜਨੀਤੀ ਬਣੀ ਮਿਸਾਲ, ਬੀ. ਸੀ. ਦੇ 6 ਮੰਤਰੀਆਂ ਨੇ ਲਿਆ ਇਹ ਵੱਡਾ ਫ਼ੈਸਲਾ
Sunday, Sep 27, 2020 - 12:10 PM (IST)
ਸਰੀ- ਬ੍ਰਿਟਿਸ਼ ਕੋਲੰਬੀਆ ਸੂਬਾ ਸਮੇਂ ਤੋਂ ਪਹਿਲਾਂ ਹੀ ਚੋਣਾਂ ਕਰਵਾਉਣ ਜਾ ਰਿਹਾ ਹੈ। ਅਗਲੇ ਮਹੀਨੇ ਇੱਥੇ ਚੋਣਾਂ ਹਨ ਤੇ ਮੁੱਖ ਮੰਤਰੀ ਜੌਹਨ ਹੌਰਗਨ ਦੀ ਵਜ਼ਾਰਤ ਦੇ ਕਈ ਕੈਬਨਿਟ ਮੰਤਰੀ ਸਿਆਸਤ ਛੱਡਣ ਦੀ ਤਿਆਰੀ ਕਰ ਰਹੇ ਹਨ।
ਅਸਲ ਵਿਚ ਇਹ 6 ਮੰਤਰੀ ਆਪਣੇ ਪਰਿਵਾਰ ਨੂੰ ਸਮਾਂ ਦੇਣ ਲਈ ਸਿਆਸਤ ਛੱਡਣ ਜਾ ਰਹੇ ਹਨ। ਕੈਨੇਡਾ ਦੀ ਸਿਆਸਤ ਵਿਚ ਇਹ ਵੱਖਰਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ। ਇਸ ਨੂੰ ਖਾਸ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਰਸੀ ਦਾ ਮੋਹ ਛੱਡਣਾ ਸਿਆਸਤਦਾਨਾਂ ਲਈ ਇੰਨਾ ਸੌਖਾ ਨਹੀਂ ਹੁੰਦਾ ਤੇ ਚੋਣਾਂ ਵਿਚ ਟਿਕਟ ਨਾ ਮਿਲਣ 'ਤੇ ਹੀ ਬਹੁਤੇ ਸਿਆਸਤਦਾਨਾਂ ਵਿਚਕਾਰ ਖੜਕ ਜਾਂਦੀ ਹੈ।
ਇਕ ਰਿਪੋਰਟ ਮੁਤਾਬਕ ਸੂਬੇ ਦੇ ਉਪ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਕੈਰੋਲ ਜੇਮਜ਼, ਕੁਦਰਤੀ ਵਸੀਲੇ ਤੇ ਜੰਗਲਾਤ ਮੰਤਰੀ ਡੱਗ ਡੋਨਾਲਡਸਨ, ਸਮਾਜਕ ਵਿਕਾਸ ਮੰਤਰੀ ਸ਼ੇਨ ਸਿਮਪਸਨ, ਮਾਨਸਿਕ ਸਿਹਤ ਮੰਤਰੀ ਜੁਡੀ ਡਾਰਸੀ, ਮੂਲਵਾਸੀ ਭਲਾਈ ਮੰਤਰੀ ਸਕੌਟ ਫਰੇਜ਼ਰ ਅਤੇ ਆਰਥਿਕ ਵਿਕਾਸ ਮੰਤਰੀ ਮਿਸ਼ੇਲ ਮੁੰਗਲ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਕੈਰੋਲ ਜੇਮਜ਼ ਨੇ ਹਾਲਾਂਕਿ ਆਪਣੀ ਸਿਹਤ ਠੀਕ ਨਾ ਰਹਿਣ ਦਾ ਹਵਾਲਾ ਵੀ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਗ੍ਰੀਨ ਪਾਰਟੀ ਦੇ ਸਹਿਯੋਗ ਨਾਲ ਸਰਕਾਰ ਚਲਾ ਰਹੀ ਹੈ ਅਤੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਕੋਰੋਨਾ ਕਾਲ ਦੌਰਾਨ ਵਧੀਆ ਕੰਮ ਕਰਨ ਨੂੰ ਲੈ ਕੇ ਬਣੀ ਪਛਾਣ ਦਾ ਫਾਇਦਾ ਚੁੱਕਦਿਆਂ ਜਲਦੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ।