ਇਸ ਕਾਰਨ ਕੈਨੇਡੀਅਨ ਤੰਬਾਕੂ ਕੰਪਨੀਆਂ ਨੂੰ ਲੱਗਾ 17 ਅਰਬ ਡਾਲਰ ਦਾ ਝਟਕਾ

Saturday, Mar 02, 2019 - 11:27 PM (IST)

ਮੌਂਟਰੀਅਲ (ਏਜੰਸੀ)- ਕਿਊਬਿਕ ਦੀ ਕੋਰਟ ਆਫ ਅਪੀਲ ਨੇ ਕਿਊਬਿਕ ਸੁਪੀਰੀਅਰ ਕੋਰਟ ਵਲੋਂ 2015 ਵਿਚ ਤਿੰਨ ਤੰਬਾਕੂ ਕੰਪਨੀਆਂ 'ਤੇ ਜੁਰਮਾਨਾ ਲਗਾਉਣ ਦਾ ਫੈਸਲਾ ਬਰਕਰਾਰ ਰੱਖਿਆ, ਜਿਸ ਵਿਚ ਤੰਬਾਕੂ ਕੰਪਨੀਆਂ ਨੂੰ ਸੂਬੇ ਦੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ 15 ਬਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਦੱਸ ਦਈਏ ਕਿ ਜਿਨ੍ਹਾਂ ਕੰਪਨੀਆਂ 'ਤੇ ਇਹ ਜੁਰਮਾਨਾ ਲਗਾਇਆ ਗਿਆ ਸੀ, ਉਨ੍ਹਾਂ ਵਿਚ ਰੋਥਮੈਨਸ, ਬੈਨਸਨ ਐਂਡ ਹੈਜੇਜ਼, ਇੰਪੀਅਰ ਤੰਬਾਕੂ ਕੈਨੇਡਾ ਅਤੇ ਜੇ.ਟੀ.ਆਈ. ਮੈਕਡੋਨਲਡ ਕਾਰਪੋਰੇਸ਼ਨ ਸ਼ਾਮਲ ਸਨ। ਇਨ੍ਹਾਂ 'ਤੇ ਦੋਸ਼ ਸੀ ਕਿ ਇਨ੍ਹਾਂ ਦੇ ਉਤਪਾਦਾਂ ਕਾਰਨ ਕੈਂਸਰ ਅਤੇ ਹੋਰ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਸੀ ਅਤੇ ਕੰਪਨੀਆਂ ਨੇ ਇਸ ਸਬੰਧੀ ਗਾਹਕਾਂ ਨੂੰ ਕਦੇ ਵੀ ਚਿਤਾਵਨੀ ਨਹੀਂ ਦਿੱਤੀ। ਇਸ ਦੇ ਚਲਦਿਆਂ ਕਿਊਬਿਕ ਸੁਪੀਰੀਅਰ ਕੋਰਟ ਨੇ ਸਾਲ 2015 ਵਿਚ ਇਨ੍ਹਾਂ ਕੰਪਨੀਆਂ ਨੂੰ ਹੁਕਮ ਸੁਣਾਇਆ ਸੀ ਕਿ ਉਨ੍ਹਾਂ ਕਾਰਨ ਕਿਊਬਿਕ ਦੇ ਸਿਗਰਟਨੋਸ਼ੀ ਕਰਨ ਵਾਲੇ ਤਕਰੀਬਨ 100,000 ਲੋਕਾਂ ਦਾ ਨੁਕਸਾਨ ਹੋਇਆ। ਮਾਮਲਾ ਸਾਹਮਣੇ ਆਉਣ 'ਤੇ ਕਿਊਬਿਕ ਦੇ ਸੁਪੀਰੀਅਰ ਕੋਰਟ ਦੇ ਜਸਟਿਸ ਬਰਿਅਨ ਰਿਓਰਡਨ ਨੇ ਕੰਪਨੀਆਂ ਨੂੰ ਹੋਏ ਨੁਕਸਾਨ ਦਾ 15.6 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਸੁਣਾਇਆ ਸੀ।

ਇਸ ਫੈਸਲੇ ਨੂੰ ਕੈਨੇਡੀਅਨ ਇਤਿਹਾਸ ਵਿਚ ਉਸ ਸਮੇਂ ਦਾ ਵੱਡਾ ਐਕਸ਼ਨ ਮੰਨਿਆ ਗਿਆ ਸੀ। ਉਕਤ ਫੈਸਲੇ ਵਿਰੁੱਧ ਕੰਪਨੀਆਂ ਨੇ ਕਿਊਬਿਕ ਦੀ ਕੋਰਟ ਆਫ ਅਪੀਲ ਵਿਚ ਅਰਜ਼ੀ ਦਾਖਲ ਕੀਤੀ ਸੀ ਪਰ ਅੱਜ ਕੋਰਟ ਵਲੋਂ ਕਿਊਬਿਕ ਸੁਪੀਰੀਅਰ ਕੋਰਟ ਦਾ ਫੈਸਲਾ ਬਰਕਰਾਰ ਰੱਖਿਆ ਗਿਆ ਤੇ ਕੰਪਨੀਆਂ ਨੂੰ ਉਦੋਂ ਹੋਰ ਵੀ ਵੱਡਾ ਝਟਕਾ ਲੱਗਾ, ਜਦੋਂ ਕੋਰਟ ਨੇ ਹੁਕਮ ਸੁਣਾ ਕਿ ਜੁਰਮਾਨੇ ਤੋਂ ਇਲਾਵਾ ਕੰਪਨੀਆਂ ਨੂੰ 2015 ਤੋਂ ਲੈ ਕੇ ਹੁਣ ਤੱਕ 15 ਬਿਲੀਅਨ ਡਾਲਰ 'ਤੇ ਬਣਨ ਵਾਲਾ ਵਿਆਜ਼ ਵੀ ਅਦਾ ਕਰਨਾ ਹੋਵੇਗਾ ਤੇ ਕੈਨੇਡੀਅਨ ਕੈਂਸਰ ਸੁਸਾਇਟੀ ਦੇ ਸੀਨੀਅਰ ਪਾਲਿਸੀ ਵਿਸ਼ਲੇਸ਼ਕ ਰੋਬ ਚੁਨਿੰਗਹਮ ਅਨੁਸਾਰ ਅੱਜ ਦੇ ਸਮੇਂ ਵਿਚ ਵਿਆਜ ਦੇ ਨਤੀਜੇ ਵਜੋਂ ਇਹ ਜੁਰਮਾਨਾ ਲਗਭਗ 17 ਅਰਬ ਡਾਲਰ ਹੋਵੇਗਾ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਕੰਪਨੀਆਂ ਦਾ ਪੱਖ ਜਾਣਿਆ ਗਿਆ ਤਾਂ ਰੋਥਮੈਨਸ ਬੈਨਸਨ ਐਂਡ ਹੈਜੇਜ਼ ਨੇ ਕਿਹਾ ਕਿ ਉਨ੍ਹਾਂ ਵਲੋਂ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਇਸ ਵਿਰੁੱਧ ਅਪੀਲ ਕੀਤੀ ਜਾਵੇਗੀ, ਜਦੋਂ ਕਿ ਜੇ.ਟੀ.ਆਈ. ਮੈਕਡੋਨਲਡ ਕਾਰਪੋਰੇਸ਼ਨ ਨੇ ਵੀ ਇਸੇ ਤਰ੍ਹਾਂ ਦੇ ਸੰਕੇਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਵੀ ਇਸ ਬਾਬਤ ਵਿਚਾਰ ਕੀਤਾ ਜਾ ਸਕਦਾ ਹੈ।


Sunny Mehra

Content Editor

Related News