ਕੈਨੇਡੀਅਨ ਪੁਲਸ ਨੇ ਓਟਾਵਾ ’ਚ ਸੰਸਦ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਕਬਜ਼ੇ ’ਚ ਲਿਆ

Sunday, Feb 20, 2022 - 10:33 AM (IST)

ਕੈਨੇਡੀਅਨ ਪੁਲਸ ਨੇ ਓਟਾਵਾ ’ਚ ਸੰਸਦ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਕਬਜ਼ੇ ’ਚ ਲਿਆ

ਓਟਾਵਾ (ਭਾਸ਼ਾ) : ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਸ਼ਨੀਵਾਰ ਨੂੰ ਸੈਂਕੜੇ ਪੁਲਸਕਰਮੀਆਂ ਨੇ ਸੰਸਦ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਇਸੇ ਦੇ ਨਾਲ 3 ਹਫ਼ਤਿਆਂ ਤੱਕ ਚੱਲਿਆ ਪ੍ਰਦਰਸ਼ਨ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੀ ਕੋਵਿਡ-19 ਸਬੰਧੀ ਪਾਬੰਦੀਆਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ਨਾਲ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਪੁਲਸ ਅਭਿਆਨ ਕਾਰਨ ਪਿੱਛੇ ਹੱਟ ਗਏ।

PunjabKesari

ਪੁਲਸ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਅਤੇ ਉਨ੍ਹਾਂ ਦੇ ਟਰੱਕਾਂ ਨੂੰ ਹਟਾ ਰਹੀ ਹੈ। ਓਟਾਵਾ ਵਿਚ ਅੰਤਰਿਮ ਪੁਲਸ ਮੁਖੀ ਸਟੀਵ ਬੇਲ ਨੇ ਕਿਹਾ ਹੈ ਕਿ ਕੁੱਝ ਛੋਟੇ ਪ੍ਰਦਰਸ਼ਨ ਜਾਰੀ ਹਨ ਪਰ ‘ਇਹ ਨਾਜਾਇਜ਼ ਕਬਜ਼ਾ ਖ਼ਤਮ ਹੋ ਗਿਆ ਹੈ। ਅਸੀਂ ਪੂਰੀ ਤਰ੍ਹਾਂ ਖ਼ਤਮ ਹੋਣ ਤੱਕ ਆਪਣਾ ਅਭਿਆਨ ਜਾਰੀ ਰੱਖਾਂਗੇ।’ ਕੁੱਝ ਪ੍ਰਦਰਸ਼ਨਕਾਰੀਆਂ ਨੇ ਓਟਾਵਾ ਦੀਆਂ ਗਲੀਆਂ ਵਿਚ ਹੀ ਰਹਿਣ ਦਾ ਸੱਦਾ ਦਿੱਤਾ ਹੈ, ਜਦਕਿ ਪ੍ਰਦਰਸ਼ਨ ਦੇ ਇਕ ਪ੍ਰਮੁਖ ਆਯੋਜਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ‘ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ।’

PunjabKesari

ਬੇਲ ਨੇ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 170 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਥਿਆਰ ਬਰਾਮਦ ਹੋਣ ਕਾਰਨ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ਨੀਵਾਰ ਦੁਪਹਿਰ ਤੱਕ ਪ੍ਰਦਰਸ਼ਨਕਾਰੀ ਪਾਰਲੀਮੈਂਟ ਹਿੱਲ ਦੇ ਸਾਹਮਣੇ ਦੀ ਸੜਕ ’ਤੇ ਚਲੇ ਗਏ ਸਨ, ਇੱਥੇ ਕਈ ਸਰਕਾਰੀ ਦਫ਼ਤਰ ਸਥਿਤ ਹਨ, ਜਿਨ੍ਹਾਂ ਵਿਚ ਸੰਸਦ ਦੀਆਂ ਇਮਾਰਤਾਂ ਵੀ ਸ਼ਾਮਲ ਹਨ। ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਜੁੜੇ 76 ਬੈਂਕ ਖਾਤਿਆਂ ਨੂੰ ਜ਼ਬਤ ਕਰਨ ਲਈ ਐਮਰਜੈਂਸੀ ਸ਼ਕਤੀਆਂ ਦਾ ਇਸਤੇਮਾਲ ਕੀਤਾ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਆਉਣ ਤੋਂ ਰੋਕਣ ਲਈ ਕਿਊਬੇਕ ਨਾਲ ਦੇਸ਼ ਦੀ ਰਾਜਧਾਨੀ ਨੂੰ ਜੋੜਨ ਵਾਲੇ ਇਕ ਪੁਲ ਨੂੰ ਵੀ ਬੰਦ ਕਰ ਦਿੱਤਾ।


author

cherry

Content Editor

Related News