ਕੈਨੇਡਾ ਪੁਲਸ ਵੱਲੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ, 4 ਪੰਜਾਬੀ ਗ੍ਰਿਫ਼ਤਾਰ
Saturday, Apr 10, 2021 - 09:34 AM (IST)
ਨਿਊਯਾਰਕ/ ਉਨਟਾਰੀਉ ( ਰਾਜ ਗੋਗਨਾ / ਕੁਲਤਰਨ ਪਧਿਆਣਾ )— ਬੀਤੇਂ ਦਿਨ ਕੈਨੇਡਾ ਦੇ ਸੂਬੇ ਉਨਟਾਰੀਉ ਦੀ ਹਾਲਟਨ ਰੀਜ਼ਨਲ ਪੁਲਸ ਵੱਲੋਂ ਨਸ਼ਿਆ ਦੀ ਇਕ ਵੱਡੀ ਖੇਪ, ਕਰੰਸੀ ,ਹਥਿਆਰ ਤੇ ਹੋਰ ਸਾਮਾਨ ਸਮੇਤ 5 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਸ ਨੇ 1,139,423 ਦੇ ਡਾਲਰ ਕਰੰਸੀ ਨਕਦ, 17 ਕਿਲੋਗ੍ਰਾਮ ਕੋਕੀਨ, 3 ਕਿਲੋਗ੍ਰਾਮ ਫੈਂਟਨੈਲ, 1 ਕਿਲੋਗ੍ਰਾਮ ਐਮਡੀਐਮਏ (ਐਕਸਟੀਸੀ), ਇਕ ਲੋਡਿੰਗ 357 ਮੈਗਨਮ ਹੈਂਡਗਨ ਅਤੇ ਇਕ 2021 ਮਾਡਲ ਦੀ ਮਰਸੀਡੀਜ਼ ਬੈਂਜ ਏ.ਐਮ.ਜੀ., ਇਕ 2016 ਹੌਂਡਾ ਓਡੀਸੀ ਅਤੇ ਤਿੰਨ ਰੋਲੈਕਸ ਘੜੀਆਂ ਜ਼ਬਤ ਕੀਤੀਆਂ ਹਨ। ਬਰਾਮਦ ਕੀਤੇ ਸਾਮਾਨ ਦੀ ਕੁੱਲ ਕੀਮਤ ਢਾਈ ਮਿਲੀਅਨ ਡਾਲਰ ਦੇ ਕਰੀਬ ਬਣਦੀ ਹੈ।
ਪੁਲਸ ਵੱਲੋਂ ਕੁੱਲ 5 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਗ੍ਰਿਫ਼ਤਾਰ ਹੋਣ ਵਾਲਿਆਂ ਵਿਚ ਮਿਸੀਸਾਗਾ ਦੇ 44 ਸਾਲਾ ਅਜਮੇਰ ਸਿੰਘ, ਮਿਸੀਸਾਗਾ ਦਾ 44 ਸਾਲਾ ਪਰਮਿੰਦਰ ਗਰੇਵਾਲ, ਟੋਰਾਂਟੋ ਦਾ 47 ਸਾਲਾ ਕਲਿੰਟਨ ਵੈਲੇਨਟਾਈਨ, ਕੈਲੇਡਨ ਦਾ 31 ਸਾਲਾ ਸਵਰਾਜ ਸਿੰਘ ਅਤੇ ਕੈਲੇਡਨ ਦਾ 32 ਸਾਲਾ ਕਰਨ ਦੇਵ ਸ਼ਾਮਲ ਹਨ। ਪੁਲਸ ਨੇ ਹੈਮਿਲਟਨ, ਸਟੋਨੀ ਕ੍ਰੀਕ, ਓਕਵਿਲ, ਮਿਸੀਸਾਗਾ, ਬੋਲਟਨ ਅਤੇ ਟੋਰਾਂਟੋ ਵਿਚ ਉਹਨਾਂ ਦੇ ਸਰਚ ਵਾਰੰਟ ਲਏ ਸਨ ਅਤੇ ਜਿਸ ਵਿਚ ਇਹ ਬਰਾਮਦਗੀ ਹੋਈ ਹੈ।