ਕੈਨੇਡੀਅਨ PM ਜਸਟਿਨ ਟਰੂਡੋ ਨੇ 200 ਫੁੱਟ ਉੱਚੇ ਟਾਵਰ ਤੋਂ ਮਾਰੀ ਛਾਲ (ਵੀਡੀਓ)
Friday, Oct 07, 2022 - 03:02 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 200 ਫੁੱਟ ਦੀ ਉੱਚਾਈ ਵਾਲੇ ਗਰੇਟ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰੀ। ਟਰੂਡੋ ਆਪਣੇ ਬੱਚਿਆਂ ਨਾਲ ਬੰਜੀ ਜੰਪਿੰਗ ਕਰਨ ਲਈ ਨਿੱਜੀ ਛੁੱਟੀ ਲੈ ਕੇ ਇੱਥੇ ਪਹੁੰਚੇ ਸਨ।ਜਾਣਕਾਰੀ ਮੁਤਾਬਕ ਟਰੂਡੋ ਦੇ ਪੁੱਤਰ ਜ਼ੇਵੀਅਰ ਦਾ 18 ਅਕਤੂਬਰ ਨੂੰ ਜਨਮਦਿਨ ਹੈ ਤੇ ਇਸ ਖੁਸ਼ੀ ਵਿਚ ਉਹ ਜ਼ੇਵੀਅਰ ਦੇ ਕਹਿਣ 'ਤੇ ਬੰਗੀ ਟਾਵਰ ਆਏ ਸਨ। ਇਸ ਮੌਕੇ ਧੀ ਇਲਾ ਗਰੇਸ ਵੀ ਉਹਨਾਂ ਦੇ ਨਾਲ ਸੀ।
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਹਮਣੇ ਆਈ ਤਾਜ਼ਾ ਵੀਡੀਓ ਵਿੱਚ ਟਰੂਡੋ ਇੱਕ ਫਲਾਲੈਨ ਜੈਕੇਟ, ਨੀਲੀ ਜੀਨਸ ਅਤੇ ਬੂਟ ਪਹਿਨੇ ਦਿਸੇ। ਟਰੂਡੋ, ਜੋ ਪਹਿਲਾਂ ਇੱਕ ਕੈਂਪ ਕਾਉਂਸਲਰ, ਵ੍ਹਾਈਟ ਵਾਟਰ ਰਾਫਟਿੰਗ ਇੰਸਟ੍ਰਕਟਰ, ਬੰਜੀ ਜੰਪਿੰਗ ਕੋਚ ਅਤੇ ਸਨੋਬੋਰਡਿੰਗ ਇੰਸਟ੍ਰਕਟਰ ਅਤੇ ਬਾਊਂਸਰ ਸਨ ਨੇ ਛਾਲ ਮਾਰਨ ਤੋਂ ਪਹਿਲਾਂ ਪੰਜ ਤੱਕ ਗਿਣਤੀ ਕੀਤੀ।ਇੱਥੇ ਦੱਸ ਦਈਏ ਕਿ ਕਿਊਬਿਕ ਸੂਬੇ ਦੇ ਚੈਲੀਸਾ ਵਿਖੇ ਮੈਰੀਸਨਜ਼ ਕੇਔਰੀ ਝੀਲ 'ਤੇ ਸਥਿਤ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰਨ ਲਈ ਦੂਰੋਂ-ਦੂਰੋਂ ਸੈਲਾਨੀ ਆਉਂਦੇ ਹਨ। ਸਾਲ 1990 ਵਿਚ ਬਣੇ ਕੈਨੇਡਾ ਦੇ ਉੱਚੇ ਟਾਵਰ ਵਜੋਂ ਜਾਣੇ ਜਾਂਦੇ ਕੈਨੇਡੀਅਨ ਬੰਗੀ ਟਾਵਰ ਤੋਂ ਇਕ ਵਾਰ ਛਾਲ ਮਾਰਨ ਦੀ ਟਿਕਟ ਦੀ ਕੀਮਤ 147 ਡਾਲਰ ਮਤਲਬ 8800 ਰੁਪਏ ਹੈ।
ਪੜ੍ਹੋ ਇਹ ਅਹਿਮ ਖ਼ਬਰ-ਜੈਸਿੰਡਾ ਅਰਡਰਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਊਜ਼ੀਲੈਂਡ ਆਉਣ ਦਾ ਦਿੱਤਾ ਸੱਦਾ
ਉੱਧਰ ਦੇਸ਼ ਵਿਚ ਚੱਲ ਰਹੇ ਆਰਥਿਕ ਸੰਕਟ ਦੇ ਦੌਰਾਨ ਛੁੱਟੀ ਲੈਣ ਲਈ ਟਰੂਡੋ ਨੂੰ ਆਪਣੇ ਹੀ ਨਾਗਰਿਕ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਦੋਂ ਦੇਸ਼ ਨੂੰ ਉਸ ਦੇ ਸਭ ਤੋਂ ਵੱਧ ਧਿਆਨ ਦੀ ਲੋੜ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਕਿਉਂਕਿ ਪੂਰਬੀ ਕੈਨੇਡਾ ਦੇ ਬਹੁਤ ਸਾਰੇ ਹਿੱਸੇ ਅਜੇ ਵੀ ਤੂਫਾਨ ਫਿਓਨਾ ਦੇ ਨਤੀਜੇ ਵਜੋਂ ਜੂਝ ਰਹੇ ਹਨ। ਇਸ ਤੋਂ ਇਲਾਵਾ ਅਰਥਸ਼ਾਸਤਰੀਆਂ ਨੇ 2023 ਦੇ ਸ਼ੁਰੂ ਵਿੱਚ ਕੈਨੇਡਾ ਵਿੱਚ ਮੰਦੀ ਦੀ ਭਵਿੱਖਬਾਣੀ ਕੀਤੀ ਹੈ। ਹੈਰੀਸਨ ਫਾਕਨਰ ਨਾਮ ਦੇ ਇੱਕ ਉਪਭੋਗਤਾ ਨੇ ਲਿਖਿਆ ਕਿ ਕੈਨੇਡੀਅਨ ਲੋਕ ਆਪਣੀਆਂ ਲੋੜਾਂ ਪੂਰਾ ਕਰਨ ਲਈ ਸੰਘਰਸ਼ ਕਰਦੇ ਹਨ ਜਦੋਂ ਕਿ ਜਸਟਿਨ ਟਰੂਡੋ ਬੰਜੀ ਜੰਪਿੰਗ ਕਰਦੇ ਹਨ।