ਭਾਰਤੀ ਮੂਲ ਦੇ ਕੈਨੇਡੀਅਨ ਸਾਂਸਦ ਨੇ ਭਾਰਤੀ ਨੌਜਵਾਨ ਦੇ ਕਤਲ ਦੀ ਕੀਤੀ ਨਿੰਦਾ
Thursday, Sep 09, 2021 - 06:03 PM (IST)
 
            
            ਟੋਰਾਂਟੋ (ਭਾਸ਼ਾ): ਕੈਨੇਡਾ ਦੇ ਨੋਵਾ ਸਕੋਟੀਆ ਸੂਬੇ ਵਿਚ ਇਕ ਭਾਰਤੀ ਨੌਜਵਾਨ ਦੇ ਕਤਲ ਦੀ ਘਟਨਾ ਦੀ ਨਿੰਦਾ ਕਰਦਿਆਂ ਭਾਰਤੀ ਮੂਲ ਦੇ ਇਕ ਕੈਨੇਡੀਅਨ ਸਾਂਸਦ ਨੇ ਕਿਹਾ ਕਿ ਇਸ ਦੇਸ਼ ਵਿਚ ਨਫਰਤ, ਹਿੰਸਾ ਅਤੇ ਨਸਲਵਾਦ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਇਹਨਾਂ ਬੁਰਾਈਆਂ ਨੂੰ ਮਿਟਾਉਣ ਲਈ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਐਤਵਾਰ ਨੂੰ ਟੂਰੋ ਸ਼ਹਿਰ ਦੇ ਇਕ ਅਪਾਰਟਮੈਂਟ ਵਿਚ ਪ੍ਰਭਜੋਤ ਸਿੰਘ ਖੱਤਰੀ (23) ਦਾ ਕਤਲ ਕਰ ਦਿੱਤਾ ਗਿਆ। ਸ਼ੱਕ ਹੈ ਕਿ ਨਸਲੀ ਨਫਰਤ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਖੱਤਰੀ ਇਕ ਟੈਕਸੀ ਸਰਵਿਸ ਕੰਪਨੀ ਅਤੇ ਦੋ ਰੈਸਟੋਰੈਂਟ ਵਿਚ ਕੰਮ ਕਰਦਾ ਸੀ। ਉਹ 2017 ਵਿਚ ਪੜ੍ਹਨ ਲਈ ਕੈਨੇਡਾ ਆਇਆ ਸੀ। ਬ੍ਰੈਮਪਟਨ ਸਾਊਥ ਦੀ ਸਾਂਸਦ ਸੋਨੀਆ ਸਿੱਧੂ (53) ਨੇ ਕਿਹਾ,''ਮੇਰੀ ਹਮਦਰਦੀ ਨੋਵਾ ਸਕੋਟੀਆ ਦੇ ਟੂਰੋ ਵਿਚ ਮਾਰ ਦਿੱਤੇ ਗਏ ਪ੍ਰਭਜੋਤ ਸਿੰਘ ਖੱਤਰੀ ਦੇ ਪਰਿਵਾਰ ਅਤੇ ਉਸ ਦੇ ਪਿਆਰਿਆਂ ਪ੍ਰਤੀ ਹੈ। ਇਹ ਨਫਰਤ ਦਾ ਅਸਵੀਕਾਰਯੋਗ ਕਾਰਜ ਹੈ।'' ਸਾਂਸਦ ਨੇ ਕਿਹਾ,''ਨਫਰਤ, ਆਨਲਾਈਨ ਨਫਰਤ, ਹਿੰਸਾ ਅਤੇ ਨਸਲਵਾਦ ਦੀ ਸਾਡੇ ਦੇਸ਼ ਵਿਚ ਕੋਈ ਜਗ੍ਹਾ ਨਹੀਂ ਹੈ ਅਤੇ ਸਾਨੂੰ ਉਹਨਾਂ ਨੂੰ ਮਿਟਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ।''
ਪੜ੍ਹੋ ਇਹ ਅਹਿਮ ਖਬਰ- ਮਾਣ ਦੀ ਗੱਲ, ਭਾਰਤੀ ਮੂਲ ਦੇ ਹੇਮੰਤ ਧਨਜੀ ਆਸਟ੍ਰੇਲੀਆ ਸੁਪਰੀਮ ਕੋਰਟ ਦੇ ਬਣੇ ਜੱਜ
ਸੀਬੀਸੀ ਕੈਨੇਡਾ ਦੀ ਇਕ ਖ਼ਬਰ ਮੁਤਾਬਕ ਪੁਲਸ ਪ੍ਰਭਜੋਤ ਦੇ ਮਾਮਲੇ ਨੂੰ ਕਤਲ ਦੇ ਮਾਮਲੇ ਦੇ ਤੌਰ 'ਤੇ ਲੈ ਰਹੀ ਹੈ ਅਤੇ ਇਸ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿਚ ਸਬੂਤਾਂ ਦੀ ਕਮੀ ਕਾਰਨ ਫਿਲਹਾਲ ਛੱਡ ਦਿੱਤਾ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            