ਕੈਨੇਡੀਅਨ ਲੋਕ ਗਾਇਕ ਇਆਨ ਟਾਇਸਨ ਦਾ 89 ਸਾਲ ਦੀ ਉਮਰ 'ਚ ਦੇਹਾਂਤ
Saturday, Dec 31, 2022 - 02:58 PM (IST)
ਟੋਰਾਂਟੋ (ਭਾਸ਼ਾ)- ਕੈਨੇਡੀਅਨ ਲੋਕ ਗਾਇਕ ਇਆਨ ਟਾਇਸਨ ਦਾ ਵੀਰਵਾਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਟਾਇਸਨ ਨੇ "ਫੋਰ ਸਟ੍ਰੌਂਗ ਵਿੰਡਜ਼" ਵਰਗੇ ਆਧੁਨਿਕ ਲੋਕ ਗੀਤ ਲਿਖੇ ਹਨ ਅਤੇ ਕਈ ਡੁਇਟ ਗਾਣੇ ਵੀ ਗਾਏ ਹਨ। ਉਨ੍ਹਾਂ ਨੇ ਭਵਿੱਖ ਵਿਚ ਸੁਪਰਸਟਾਰ ਬਣਨ ਵਾਲੇ ਜੋਨੀ ਮਿਸ਼ੇਲ ਅਤੇ ਨੀਲ ਯੰਗ ਵਰਗੇ ਗਾਇਕਾਂ ਦਾ ਕਰੀਅਰ ਸਵਾਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ। 25 ਸਤੰਬਰ 1933 ਨੂੰ ਜਨਮੇ, ਟਾਇਸਨ ਦੇ ਮਾਤਾ-ਪਿਤਾ ਇੰਗਲੈਂਡ ਤੋਂ ਆ ਕੇ ਕੈਨੇਡਾ ਵਿੱਚ ਵਸੇ ਸਨ।
ਉਨ੍ਹਾਂ ਦੇ ਮੈਨੇਜਰ ਪਾਲ ਮੈਸੀਓਲੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਸਥਿਤ ਵਿਕਟੋਰੀਆ ਦੇ ਨਿਵਾਸੀ ਇਆਨ ਨੂੰ ਕਈ ਸਿਹਤ ਸਮੱਸਿਆਵਾਂ ਸਨ। ਉਨ੍ਹਾਂ ਨੇ ਦੱਖਣੀ ਅਲਬਰਟਾ ਵਿੱਚ ਆਪਣੇ ਫਾਰਮ ਵਿੱਚ ਆਖਰੀ ਸਾਹ ਲਏ। ਟਾਇਸਨ ਆਪਣੀ ਪਹਿਲੀ ਪਤਨੀ ਸਿਲਵੀਆ ਟਾਇਸਨ ਦੇ ਨਾਲ ਟੋਰਾਂਟੋ ਵਿੱਚ ਪ੍ਰਭਾਵਸ਼ਾਲੀ ਲੋਕ ਅੰਦੋਲਨ ਦਾ ਹਿੱਸਾ ਸਨ। ਸਿਲਵੀਆ ਟਾਇਸਨ ਨੇ ਆਪਣੇ ਸਾਬਕਾ ਪਤੀ ਬਾਰੇ ਕਿਹਾ, “ਉਨ੍ਹਾਂ ਨੇ ਗੀਤ ਲਿਖਣ ਵਿੱਚ ਬਹੁਤ ਸਾਰਾ ਸਮਾਂ ਅਤੇ ਊਰਜਾ ਲਗਾਈ। ਉਹ ਆਪਣੀ 'ਕਾਉਬੁਆਏ ਲਾਈਫ ਸਟਾਈਲ' ਨੂੰ ਲੈ ਕੇ ਬਹੁਤ ਦ੍ਰਿੜ ਰਹੇ।'