ਕੈਨੇਡਾ ਦੀ ਮਾਡਲ ਨੇ ਅੱਖ ''ਚ ਬਣਵਾਇਆ ਸੀ ਟੈਟੂ, ਪੈ ਗਿਆ ਮਹਿੰਗਾ
Monday, Dec 04, 2017 - 10:37 AM (IST)

ਓਟਾਵਾ (ਏਜੰਸੀ)— ਅੱਜ ਦੇ ਸਮੇਂ 'ਚ ਲੋਕਾਂ 'ਚ ਟੈਟੂ ਬਣਵਾਉਣ ਦਾ ਸ਼ੌਕ ਜਿਹਾ ਪੈਦਾ ਹੁੰਦਾ ਜਾ ਰਿਹਾ ਹੈ। ਟੈਟੂ ਪ੍ਰਤੀ ਅਜਿਹੀ ਦੀਵਾਨਗੀ ਕਿ ਲੋਕ ਬਿਨਾਂ ਸੋਚੇ ਸਮਝੇ ਟੈਟੂ ਗੁਦਵਾ ਲੈਂਦੇ ਹਨ। ਕੈਨੇਡਾ ਦੀ ਇਕ ਮਾਡਲ ਨੂੰ ਕੁਝ ਵੱਖਰਾ ਦਿੱਸਣ ਦਾ ਸ਼ੌਕ ਸੀ ਅਤੇ ਉਸ ਦਾ ਇਹ ਸ਼ੌਕ ਹੁਣ ਉਸ ਨੂੰ ਕਾਫੀ ਮਹਿੰਗਾ ਪੈ ਰਿਹਾ ਹੈ। 24 ਸਾਲਾ ਮਾਡਲ ਕੈਟ ਗਲਿੰਗਰ ਨੇ ਕੁਝ ਹੀ ਮਹੀਨੇ ਪਹਿਲਾਂ ਆਪਣੀ ਅੱਖ ਵਿਚ ਟੈਟੂ ਬਣਵਾਇਆ ਸੀ। ਦਰਅਸਲ ਉਸ ਨੇ ਆਪਣੀ ਅੱਖ ਦੇ ਸਫੈਦ ਹਿੱਸੇ ਨੂੰ ਪਰਪਲ ਰੰਗ ਦਿੱਤਾ ਸੀ, ਜਿਸ ਨੂੰ ਦੇਖ ਕੇ ਲੋਕ ਹੈਰਾਨੀ ਵਿਚ ਪੈ ਗਏ ਸਨ। ਕੈਟ ਨੇ ਆਪਣੀ ਅੱਖ ਵਿਚ ਸਿਆਹੀ ਭਰਵਾਈ ਸੀ ਪਰ ਕਲਾਕਾਰ ਨੇ ਟੈਟੂ ਬਣਵਾਉਣ ਵਿਚ ਗੜਬੜ ਕਰ ਦਿੱਤੀ, ਜਿਸ ਕਾਰਨ ਕੁਝ ਦਿਨਾਂ ਬਾਅਦ ਸਿਆਹੀ ਅੱਖ ਤੋਂ ਬਾਹਰ ਆਉਣ ਲੱਗੀ। ਡਾਕਟਰਾਂ ਮੁਤਾਬਕ ਹੁਣ ਉਸ ਦੀ ਅੱਖ ਪੂਰੀ ਖਰਾਬ ਹੋ ਚੁੱਕੀ ਹੈ ਅਤੇ ਇਸ ਨੂੰ ਕੱਢਣਾ ਹੀ ਪਵੇਗਾ।
ਅੱਖ ਦੇ ਸਫੈਦ ਹਿੱਸੇ 'ਤੇ ਪਰਪਲ ਸਿਆਹੀ ਕਾਰਨ ਕੈਟ ਨੂੰ ਧੁੰਦਲਾ ਨਜ਼ਰ ਆਉਣ ਲੱਗਾ। ਕੈਟ ਨੇ ਸਤੰਬਰ ਮਹੀਨੇ 'ਚ ਟੈਟੂ ਬਣਵਾਉਣ ਤੋਂ ਬਾਅਦ ਆਪਣੀ ਅੱਖ ਦੀਆਂ ਤਸਵੀਰਾਂ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਸਨ। ਕੈਟ ਦਾ ਟੈਟੂ ਬਣਵਾਉਣ ਦਾ ਫੈਸਲਾ ਉਸ ਦੀ ਵੱਡੀ ਗਲਤੀ ਸੀ। ਡਾਕਟਰ ਨੂੰ ਦਿਖਾਉਣ ਮਗਰੋਂ ਕੈਟ ਨੂੰ ਪਤਾ ਲੱਗਾ ਕਿ ਉਸ ਦੀ ਅੱਖ ਹਮੇਸ਼ਾ ਲਈ ਖਰਾਬ ਹੋ ਚੁੱਕੀ ਹੈ ਅਤੇ ਹੁਣ ਉਸ ਨੂੰ ਕੱਢਣਾ ਹੀ ਪਵੇਗਾ। ਕੈਟ ਨੂੰ ਉਮੀਦ ਸੀ ਕਿ ਡਾਕਟਰ ਉਸ ਦੀ ਅੱਖ ਨੂੰ ਠੀਕ ਕਰ ਦੇਣਗੇ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ।