''''ਕਿਸੇ ਵੀ ਹੱਦ ਤੱਕ ਜਾਵਾਂਗੇ..!'''', ਯੂਰਪ ਮਗਰੋਂ ਕੈਨੇਡਾ ਨੇ ਵੀ ਖਿੱਚੀ ਅਮਰੀਕਾ ਨਾਲ ਜੰਗ ਦੀ ਤਿਆਰੀ
Saturday, Jan 17, 2026 - 03:15 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ 'ਤੇ ਕਬਜ਼ੇ ਦੀਆਂ ਧਮਕੀਆਂ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੈਨਮਾਰਕ ਅਤੇ ਗ੍ਰੀਨਲੈਂਡ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਨਾਟੋ ਦੇ ਆਰਟੀਕਲ 5 ਤਹਿਤ ਆਪਣੀਆਂ ਰੱਖਿਆ ਜ਼ਿੰਮੇਵਾਰੀਆਂ ਪ੍ਰਤੀ ਵਚਨਬੱਧ ਹੈ, ਜਿਸ ਦਾ ਮਤਲਬ ਹੈ ਕਿ ਡੈਨਮਾਰਕ ਦੀ ਰੱਖਿਆ ਲਈ ਕੈਨੇਡਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
ਬੀਜਿੰਗ ਵਿੱਚ ਹੋਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਾਰਨੀ ਨੇ ਕਿਹਾ ਕਿ ਡੈਨਮਾਰਕ ਨਾਲ ਕੈਨੇਡਾ ਦੀ ਸਾਂਝੇਦਾਰੀ ਅਟੁੱਟ ਹੈ ਅਤੇ ਆਰਟੀਕਲ 5 ਦੇ ਤਹਿਤ ਸਮੂਹਿਕ ਰੱਖਿਆ ਦੇ ਸਿਧਾਂਤਾਂ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮਾਹਿਰ ਇਸ ਨੂੰ ਅਮਰੀਕਾ ਨਾਲ ਸੰਭਾਵਿਤ ਫੌਜੀ ਟਕਰਾਅ ਦੇ ਸੰਕੇਤ ਵਜੋਂ ਦੇਖ ਰਹੇ ਹਨ। ਕਾਰਨੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗ੍ਰੀਨਲੈਂਡ ਦੇ ਭਵਿੱਖ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਪਾਇਆ ਕਿ ਦੋਵਾਂ ਦੇਸ਼ਾਂ ਦੇ ਵਿਚਾਰ ਕਾਫ਼ੀ ਮਿਲਦੇ-ਜੁਲਦੇ ਹਨ।
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਅਹਿਮ ਦੱਸਦਿਆਂ ਕਿਹਾ ਸੀ ਕਿ ਅਮਰੀਕਾ ਇਸ ਨੂੰ ਕੰਟਰੋਲ ਵਿੱਚ ਲੈ ਸਕਦਾ ਹੈ, ਚਾਹੇ ਉਹ ਇਸ ਨੂੰ ਪਸੰਦ ਕਰਨ ਜਾਂ ਨਾ। ਉਨ੍ਹਾਂ ਨੇ ਵਿਰੋਧ ਕਰਨ ਵਾਲੇ ਦੇਸ਼ਾਂ 'ਤੇ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਹੈ। ਇਸ ਦੇ ਮੱਦੇਨਜ਼ਰ ਕੈਨੇਡਾ ਨੇ ਆਰਕਟਿਕ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ ਅਤੇ ਗ੍ਰੀਨਲੈਂਡ ਦੀ ਰਾਜਧਾਨੀ ਨੁਕ ਵਿੱਚ ਇੱਕ ਦੂਤਾਵਾਸ ਖੋਲ੍ਹਣ ਦੀ ਯੋਜਨਾ ਬਣਾਈ ਹੈ।
