ਕੈਨੇਡਾ-ਅਮਰੀਕਾ ਸਰਹੱਦ ਸਬੰਧੀ ਪੀ. ਐੱਮ. ਟਰੂਡੋ ਦਾ ਅਹਿਮ ਐਲਾਨ
Wednesday, Jun 17, 2020 - 10:37 AM (IST)

ਓਟਾਵਾ— ਕੈਨੇਡਾ-ਅਮਰੀਕਾ ਸਰਹੱਦ ਖੁੱਲ੍ਹਣ ਲਈ ਤੁਹਾਨੂੰ ਹੋਰ ਲੰਮਾ ਇੰਤਜ਼ਾਰ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਤੇ ਅਮਰੀਕਾ ਘੱਟੋ-ਘੱਟ 21 ਜੁਲਾਈ ਤੱਕ ਦੋਹਾਂ ਦੇਸ਼ਾਂ ਦਰਮਿਆਨ ਗੈਰ-ਜ਼ਰੂਰੀ ਯਾਤਰਾ ਨੂੰ ਸੀਮਤ ਰੱਖਣਗੇ।
ਪੀ. ਐੱਮ. ਟਰੂਡੋ ਨੇ ਅੱਜ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ 'ਚ ਐਲਾਨ ਕੀਤਾ ਕਿ ਯੂ. ਐੱਸ. ਨਾਲ ਗੈਰ ਜ਼ਰੂਰੀ ਯਾਤਰਾ 'ਤੇ ਪਾਬੰਦੀ ਨੂੰ ਲੈ ਕੇ ਸਰਹੱਦ ਬੰਦ ਦਾ ਸਮਝੌਤਾ ਐਤਵਾਰ ਨੂੰ ਖਤਮ ਹੋਣ ਵਾਲਾ ਸੀ ਪਰ ਹੁਣ 21 ਜੁਲਾਈ ਤੱਕ ਵਧੇਗਾ। ਉਨ੍ਹਾਂ ਕਿਹਾ “ਇਹ ਇਕ ਮਹੱਤਵਪੂਰਨ ਫ਼ੈਸਲਾ ਹੈ ਜੋ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਸੁਰੱਖਿਅਤ ਰੱਖੇਗਾ।''
ਪ੍ਰਧਾਨ ਮੰਤਰੀ ਟਰੂਡੋ ਨੇ ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਕਿ ਸਮਾਂ ਆਉਣ 'ਤੇ ਸਰਹੱਦੀ ਪਾਬੰਦੀਆਂ ਨੂੰ ਕਿਵੇਂ ਘੱਟ ਕੀਤਾ ਜਾਵੇਗਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਾਰਚ ਤੋਂ ਇਹ ਪਾਬੰਦੀ ਲਾਗੂ ਕੀਤੀ ਗਈ ਸੀ ਅਤੇ ਹੁਣ ਤੀਜੀ ਵਾਰ ਵਧਾ ਦਿੱਤੀ ਗਈ ਹੈ। ਹਾਲਾਂਕਿ, ਵਪਾਰ ਤੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਸਰਹੱਦ ਪਾਰ ਕਰਨ ਦੀ ਮਨਜ਼ੂਰੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਰਹੇ ਹਨ।
ਉੱਥੇ ਹੀ, ਸੰਯੁਕਤ ਰਾਜ ਅਮਰੀਕਾ 'ਚ ਹਾਲ ਹੀ ਦੇ ਦਿਨਾਂ 'ਚ ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਵਧਦੀ ਜਾ ਰਹੀ ਹੈ ਕਿਉਂਕਿ ਲਾਕਡਾਊਨ 'ਚ ਢਿੱਲ ਦਿੱਤੇ ਸੂਬਿਆਂ ਨੇ ਆਪਣੇ ਇੱਥੇ ਸਰਗਰਮ ਮਾਮਲਿਆਂ ਅਤੇ ਹਸਪਤਾਲ 'ਚ ਦਾਖਲੇ ਦੀਆਂ ਦਰਾਂ 'ਚ ਵਾਧਾ ਵੇਖਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ 'ਚ ਕੋਰੋਨਾ ਵਾਇਰਸ ਦੇ ਮਾਮਲੇ 99,426 ਹੋ ਗਏ ਹਨ, ਜਿਸ 'ਚੋਂ 29,813 ਸਰਗਰਮ, 61,400 ਠੀਕ ਹੋ ਚੁੱਕੇ ਮਾਮਲੇ ਅਤੇ 8,213 ਮੌਤਾਂ ਸ਼ਾਮਲ ਹਨ