ਕੋਵਿਡ-19 : ਕੈਨੇਡਾ ਨੇ ਭਾਰਤ ਲਈ ਬੰਦ ਕੀਤੀਆਂ ਉਡਾਣਾਂ, ਫਸੇ ਕਈ ਨਾਗਰਿਕ
Tuesday, May 11, 2021 - 03:55 PM (IST)
ਟੋਰਾਂਟੋ (ਬਿਊਰੋ) ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਭਾਰਤ ਨਾਲ ਕਈ ਦੇਸ਼ਾਂ ਨੇ ਹਵਾਈ ਸੇਵਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਹੈ। ਕੈਨੇਡਾ ਸਰਕਾਰ ਨੇ ਵੀ ਬੀਤੇ ਦਿਨੀਂ ਭਾਰਤ ਤੋਂ ਅਚਾਨਕ ਸਾਰੀਆਂ ਯਾਤਰੀ ਉਡਾਣਾਂ ਰੱਦ ਕਰ ਦਿੱਤੀਆਂ ਸਨ। ਸਿਰਫ ਜ਼ਰੂਰੀ ਸਾਮਾਨ ਦੀ ਢੋਆ-ਢੁਆਈ ਲਈ ਕਾਰਗੋ ਜਹਾਜ਼ ਹੀ ਚੱਲ ਰਹੇ ਹਨ। ਅਜਿਹੇ ਵਿਚ ਬੀਤੇ ਸਾਲ ਮਾਰਚ ਵਿਚ ਲੱਗੀ ਤਾਲਾਬੰਦੀ ਵਾਂਗ ਹੀ ਕੁਝ ਕੈਨੇਡਾ ਵਸਨੀਕ ਭਾਰਤ ਵਿਚ ਅਤੇ ਕਈ ਭਾਰਤੀ ਕੈਨੇਡਾ ਵਿਚ ਫਸੇ ਹੋਏ ਹਨ। ਉਹਨਾਂ ਨੂੰ ਵਾਪਸ ਪਰਤਣ ਲਈ ਆਪਣੇ ਬਲਬੂਤੇ ਹੀ ਯਤਨ ਕਰਨੇ ਪੈਣੇ ਹਨ ਕਿਉਂਕਿ ਹਾਲ ਦੀ ਘੜੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਕੋਈ ਬੰਦੋਬਸਤ ਨਹੀਂ ਕੀਤੇ ਜਾ ਰਹੇ ਹਨ।
ਬੀਤੀ 4 ਮਈ ਤੱਕ ਭਾਰਤ ਤੋਂ ਅਮਰੀਕਾ ਦੀਆਂ ਉਡਾਣਾਂ ਚੱਲ ਰਹੀਆਂ ਸਨ, ਜਿਸ ਕਰਕੇ ਕੈਨੇਡਾ ਦੇ ਕੁਝ ਨਾਗਰਿਕ ਉਸ ਰਸਤੇ ਕੈਨੇਡਾ ਪਰਤ ਰਹੇ ਸਨ। ਟੋਰਾਂਟੋ ਵਿਚ ਭਾਰਤ ਦੇ ਦੂਤਾਵਾਸ ਤੋਂ ਕੌਸ਼ਲ ਧੀਰਜ ਪਾਰਿਕ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਤੋਂ ਬਾਅਦ ਭਾਰਤ ਸਰਕਾਰ ਦਾ ਕੈਨੇਡਾ ਵਿਚੋਂ ਭਾਰਤੀਆਂ ਨੂੰ ਵਾਪਸ ਲਿਜਾਣ ਦਾ ਹਾਲੇ ਕੋਈ ਪ੍ਰੋਗਰਾਮ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਹਾਲੇ ਤੱਕ ਕਿਸੇ ਭਾਰਤੀ ਨੇ ਕੈਨੇਡਾ ਤੋਂ ਵਾਪਸ ਜਾਣ ਲਈ ਸੰਪਰਕ ਵੀ ਨਹੀਂ ਕੀਤਾ। ਧੀਰਜ ਨੇ ਦੱਸਿਆ ਕਿ ਪਰਿਵਾਰਕ ਐਮਰਜੈਂਸੀ ਹਾਲਾਤ ਵਿਚ ਭਾਰਤ ਜਾਣ ਲਈ ਲੋਕਾਂ ਵੱਲੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਰਹਿੰਦੀ ਹੈ ਪਰ ਉਡਾਣਾਂ ਬੰਦ ਹੋਣ ਕਾਰਨ ਕੈਨੇਡਾ ਵਿਚੋਂ ਭਾਰਤ ਦੇ ਨਾਗਰਿਕਾਂ ਨੂੰ ਵਾਪਸ ਜਾਣ ਦੀ ਕੋਈ ਕਾਹਲੀ ਨਜ਼ਰ ਨਹੀਂ ਆਉਂਦੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਆਸਟ੍ਰੇਲੀਆ 2022 ਤੱਕ ਨਹੀਂ ਖੋਲ੍ਹੇਗਾ ਅੰਤਰਰਾਸ਼ਟਰੀ ਸਰਹੱਦਾਂ, ਯਾਤਰੀਆਂ 'ਤੇ ਸਖ਼ਤ ਪਾਬੰਦੀ
ਉਹਨਾਂ ਇਹ ਵੀ ਕਿਹਾ ਕਿ ਇਹ ਸਮਾਂ ਸਫਰ ਕਰਨ ਦਾ ਨਹੀਂ ਹੈ ਜਿਸ ਕਰਕੇ ਲੋਕ ਜਿੱਥੇ ਵੀ ਹਨ ਉੱਥੇ ਰਹਿਣ ਅਤੇ ਵੈਕਸੀਨ ਲਗਵਾ ਕੇ ਖੁਦ ਨੂੰ ਸੁਰੱਖਿਅਤ ਰੱਖਣ। ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਓਂਟਾਰੀਓ ਵਿਚ ਸੂਬਾਈ ਸਰਕਾਰ ਨੇ ਲੋਕਾਂ ਨੂੰ ਘਰੋ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੋਈ ਹੈ। ਜਿਸ ਕਰਕੇ ਭਾਰਤੀ ਦੂਤਾਵਾਸ ਵੀ ਬੰਦ ਹੈ। ਉਹਨਾਂ ਕਿਹਾ ਕਿ ਐਮਰਜੈਂਸੀ ਵਿਚ ਕਿਸੇ ਭਾਰਤੀ ਨਾਗਰਿਕ ਜਾਂ ਦੂਤਾਵਾਸ ਦੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਅਗਾਊਂ ਸਮਾਂ ਲੈਣਾ ਜ਼ਰੂਰੀ ਹੈ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬੀਤੇ ਦਿਨੀਂ ਲੋਕਾਂ ਨੂੰ ਲਗਾਤਾਰ ਅਪੀਲਾਂ ਕੀਤੀਆਂ ਕਿ ਵਾਇਰਸ ਦੇ ਹਾਲਾਤ ਅਸਥਿਰ ਹਨ ਇਸ ਲਈ ਕੈਨੇਡਾ ਤੋਂ ਬਾਹਰ ਨਾ ਜਾਇਆ ਜਾਵੇ।