ਕੈਨੇਡਾ : ਪੰਜਾਬੀਆਂ ਲਈ ਮਿਸਾਲ ਹਨ ਇਹ ਦੋ ਭਰਾ, ਸਖਤ ਮਿਹਨਤ ਸਦਕਾ ਬਣੇ ਅਰਬਪਤੀ (ਵੀਡੀਓ)

Thursday, Jul 19, 2018 - 02:12 PM (IST)

ਬ੍ਰਿਟਿਸ਼ ਕੋਲੰਬੀਆ,(ਨਰੇਸ਼ ਅਰੋੜਾ/ ਰਮਨਦੀਪ ਸੋਢੀ)— ਕੈਨੇਡਾ 'ਚ ਵੱਸਦੇ ਹਰਵਿੰਦਰ ਬਾਸੀ ਨੇ ਆਪਣੀ ਸਫਲਤਾ ਦੀ ਕਹਾਣੀ ਆਪਣੀ ਜ਼ੁਬਾਨੀ ਬਿਆਨ ਕੀਤੀ ਹੈ। ਟਰਾਂਸਪੋਰਟਰ ਤੋਂ ਅਰਬਪਤੀ ਬਣੇ ਹਰਵਿੰਦਰ ਬਾਸੀ ਅਤੇ ਉਨ੍ਹਾਂ ਦੇ ਭਰਾ ਸੁੱਖੇ ਨੇ ਸੱਚੀ ਲਗਨ ਨਾਲ ਮਿਹਨਤ ਕੀਤੀ ਅਤੇ ਪਰਮਾਤਮਾ ਨੇ ਉਨ੍ਹਾਂ ਦੀ ਕਮਾਈ ਨੂੰ ਭਾਗ ਲਗਾਏ । 'ਜਗ ਬਾਣੀ' ਨਾਲ ਗੱਲ-ਬਾਤ ਕਰਦਿਆਂ ਹਰਵਿੰਦਰ ਬਾਸੀ ਨੇ ਦੱਸਿਆ ਕਿ ਕਿਵੇਂ ਉਹ ਸਫਲਤਾ ਦੀ ਪੌੜੀ ਚੜ੍ਹੇ ਅਤੇ ਕਿਵੇਂ ਅੱਗੇ ਵਧਦੇ ਹੀ ਗਏ। ਉਹ ਇੰਗਲੈਂਡ ਤੋਂ ਕੈਨੇਡਾ ਆ ਕੇ ਵਸੇ ਸਨ ਅਤੇ ਹੌਲੀ-ਹੌਲੀ ਟਰੱਕਾਂ ਤੇ ਟਰੇਲਰਾਂ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਦਾ ਵਿਚਾਰ ਸੀ ਕਿ ਉਹ ਛੋਟਾ-ਮੋਟਾ ਕੰਮ ਕਰ ਲੈਣਗੇ ਪਰ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਟਰੱਕ ਖਰੀਦਣਗੇ ਅਤੇ ਅਰਬਪਤੀ ਬਣਨਗੇ। ਇਸ ਸਮੇਂ ਉਨ੍ਹਾਂ ਕੋਲ 1100 ਟਰੇਲਰ, 650 ਟਰੱਕ, 200 ਰੀਫਰ ਅਤੇ 50-60 ਟੈਂਕਰ ਹਨ । ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਆਪਣੇ ਆਪ ਨੂੰ ਟਰਾਂਸਪੋਰਟਰ ਨਹੀਂ ਸਗੋਂ ਇਕ ਡਰਾਈਵਰ ਹੀ ਮੰਨਦਾ ਹਾਂ।
ਹਰਵਿੰਦਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਛੋਟੇ ਭਰਾ ਦਾ ਵਿਆਹ ਕੈਨੇਡਾ 'ਚ ਹੋਇਆ ਅਤੇ ਦੋਹਾਂ ਭਰਾਵਾਂ ਨੇ ਇਕੱਠਿਆਂ ਕੰਮ ਕਰਨ ਦਾ ਵਿਚਾਰ ਕੀਤਾ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਬਹੁਤ ਹੌਸਲਾ ਦਿੱਤਾ, ਜਿਸ ਸਦਕਾ ਅੱਜ ਉਹ ਇਸ ਮੁਕਾਮ 'ਤੇ ਪੁੱਜੇ ਹਨ। ਉਨ੍ਹਾਂ ਨੇ ਜ਼ਿੰਦਗੀ 'ਚ ਕਈ ਘਾਟੇ ਖਾਧੇ ਪਰ ਕੈਨੇਡਾ 'ਚ ਉਨ੍ਹਾਂ ਦੇ ਭਰਾ ਦੇ ਸਹੁਰਾ ਸਾਹਿਬ ਨੇ ਉਨ੍ਹਾਂ ਨੂੰ ਬਹੁਤ ਹੌਸਲਾ ਦਿੱਤਾ। 
ਪਹਿਲਾ ਟਰੱਕ ਖਰੀਦਣ ਦੇ ਇਕ ਮਹੀਨੇ ਬਾਅਦ ਉਨ੍ਹਾਂ ਨੇ 2 ਹੋਰ ਟਰੱਕ ਖਰੀਦੇ ਅਤੇ ਹੌਲੀ-ਹੌਲੀ 7 ਟਰੱਕ ਖਰੀਦ ਲਏ। ਉਨ੍ਹਾਂ ਨੂੰ ਇਹ ਕੰਮ ਇੰਨਾ ਕੁ ਚੰਗਾ ਲੱਗਾ ਕਿ ਉਹ ਟਰੱਕ ਖਰੀਦਦੇ ਗਏ। ਹੁਣ ਉਨ੍ਹਾਂ ਕੋਲ 1000 ਤੋਂ ਵਧੇਰੇ ਡਰਾਈਵਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਬਹੁਤ ਕੁਝ ਬਖਸ਼ਿਆ। ਉਨ੍ਹਾਂ ਦੀ ਇੱਛਾ ਸੀ ਕਿ ਨਗਰ ਕੀਰਤਨ ਦੌਰਾਨ ਉਨ੍ਹਾਂ ਦੀ ਟਰੈਕਟਰ-ਟਰਾਲੀ ਵਰਤੀ ਜਾਵੇ। ਬਸ ਇੰਨਾ ਹੀ ਨਹੀਂ ਪੰਜਾਬ ਦਾ ਸੱਭਿਆਚਾਰ ਕੈਨੇਡਾ 'ਚ ਵੀ ਬਣਾਈ ਰੱਖਣ ਲਈ ਉਨ੍ਹਾਂ ਨੇ ਬਕਾਇਦਾ ਟਰੈਕਟਰ-ਟਰਾਲੀ ਬਣਵਾਈ ਅਤੇ ਕਾਫੀ ਸਾਮਾਨ ਭਾਰਤ ਤੋਂ ਮੰਗਵਾਇਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੱਚੇ ਮਨ ਨਾਲ ਕਮਾਈ ਕਰਦਾ ਹੈ ਤਾਂ ਪਰਮਾਤਮਾ ਉਸ 'ਤੇ ਮਿਹਰ ਜ਼ਰੂਰ ਕਰਦਾ ਹੈ।


Related News