ਅਰਥ-ਵਿਵਸਥਾ ਨੂੰ ਲੀਹ ''ਤੇ ਲਿਆਉਣ ਲਈ ਕੈਨੇਡੀਅਨ ਸਰਕਾਰ ਖਰਚੇਗੀ 13 ਬਿਲੀਅਨ ਡਾਲਰ
Friday, Jul 17, 2020 - 03:54 PM (IST)

ਓਟਾਵਾ- ਕੈਨੇਡਾ ਸਰਕਾਰ ਜਲਦ ਹੀ ਦੇਸ਼ ਦੀ ਅਰਥ-ਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਆਰਥਿਕ ਮਦਦ ਦਾ ਐਲਾਨ ਕਰਨ ਜਾ ਰਹੀ ਹੈ। ਸੰਸਦ ਹਿੱਲ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਅਗਲੇ 6 ਤੋਂ 8 ਮਹੀਨਿਆਂ ਦੇ ਵਿਚ-ਵਿਚ ਅਰਥ ਵਿਵਸਥਾ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਰਹੇਗੀ। ਇਸ ਤੋਂ ਪਹਿਲਾਂ ਟਰੂਡੋ ਨੇ ਕਿਹਾ ਸੀ ਕਿ ਇਸ ਲਈ 14 ਬਿਲੀਅਨ ਕੈਨੇਡੀਅਨ ਡਾਲਰ ਸੂਬਿਆਂ ਤੇ ਟੈਰੇਟਰੀਜ਼ ਨੂੰ ਵੰਡੇ ਜਾਣਗੇ ਪਰ ਮੁੱਖ ਮੰਤਰੀਆਂ ਨੇ ਕਿਹਾ ਕਿ ਇਹ ਘੱਟ ਰਾਸ਼ੀ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਹੁਣ ਸਰਕਾਰ 19 ਬਿਲੀਅਨ ਕੈਨੇਡੀਅਨ ਡਾਲਰ (13 ਬਿਲੀਅਨ ਅਮਰੀਕੀ ਡਾਲਰ) ਦੇਣ ਜਾ ਰਹੀ ਹੈ।
ਕੋਰੋਨਾ ਟੈਸਟ ਲਈ 4.2 ਬਿਲੀਅਨ, ਪੀ. ਪੀ. ਈ. ਖਰੀਦਣ ਲਈ 4.5 ਬਿਲੀਅਨ ਡਾਲਰ, ਚਾਈਲਡ ਕੇਅਰ ਸਪੇਸ ਲਈ 625 ਮਿਲੀਅਨ ਡਾਲਰ ਖਰਚੇ ਜਾਣਗੇ। ਇਸ ਤੋਂ ਇਲਾਵਾ ਸੂਬਿਆਂ ਤੇ ਟੈਰੇਟਰੀਜ਼ ਵਿਚ ਰੋਜ਼ਗਾਰ ਤੇ ਵਿਕਾਸ ਦੇ ਮੌਕੇ ਪੈਦਾ ਕਰਨ ਲਈ ਵੀ ਫੰਡ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੈਨੇਡਾ ਨੇ ਵੀ ਤਾਲਾਬੰਦੀ ਕਰ ਦਿੱਤੀ ਸੀ, ਜਿਸ ਵਿਚ ਹੁਣ ਹੌਲੀ-ਹੌਲੀ ਛੋਟ ਮਿਲ ਰਹੀ ਹੈ। ਇਸ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰਾਂ ਤੇ ਟੈਰੇਟਰੀਜ਼ ਨੂੰ ਸੰਘੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ।