ਕੈਨੇਡਾ ਨੂੰ ਦਸੰਬਰ ਖ਼ਤਮ ਹੋਣ ਤੋਂ ਪਹਿਲਾਂ ਮਿਲ ਜਾਏਗਾ ਫਾਈਜ਼ਰ ਟੀਕਾ : ਟਰੂਡੋ
Monday, Dec 07, 2020 - 11:15 PM (IST)
ਟੋਰਾਂਟੋ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਨੂੰ ਦਸੰਬਰ ਦੇ ਅੰਤ ਤੋਂ ਪਹਿਲਾਂ ਅਮਰੀਕੀ ਦਵਾ ਨਿਰਮਾਤਾ ਫਾਈਜ਼ਰ ਅਤੇ ਜਰਮਨੀ ਦੀ ਬਾਇਓਨਟੈਕ ਵੱਲੋਂ ਵਿਕਸਤ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਵਜੋਂ 2,49,000 ਖ਼ੁਰਾਕਾਂ ਮਿਲ ਜਾਣਗੀਆਂ।
ਇਸ ਟੀਕੇ ਨੂੰ ਹੈਲਥ ਕੈਨੇਡਾ ਵੱਲੋਂ ਜਲਦ ਤੋਂ ਜਲਦ ਵੀਰਵਾਰ ਤੱਕ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ। ਗੌਰਤਲਬ ਹੈ ਕਿ ਫਾਈਜ਼ਰ ਨੂੰ ਯੂ. ਕੇ. ਅਤੇ ਬਹਿਰੀਨ 'ਚ ਸੰਕਟਕਾਲੀ ਵਰਤੋਂ ਲਈ ਅਧਿਕਾਰਤ ਮਨਜ਼ੂਰੀ ਮਿਲ ਗਈ ਹੈ। ਉੱਥੇ ਹੀ, ਅਮਰੀਕੀ ਕੰਪਨੀ ਦੀ ਭਾਰਤੀ ਇਕਾਈ ਨੇ ਭਾਰਤ 'ਚ ਵੀ ਮਨਜ਼ੂਰੀ ਮੰਗੀ ਹੈ।
ਕੈਨੇਡਾ 'ਚ ਕੋਰੋਨਾ ਟੀਕਾ ਉਪਲਬਧ ਕਰਾਉਣ ਬਾਰੇ ਟਰੂਡੋ ਦੀ ਇਹ ਟਿੱਪਣੀ ਉਸ ਮਗਰੋਂ ਆਈ ਹੈ ਜਦੋਂ ਹਾਲ ਹੀ 'ਚ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਇਹ ਗੱਲ ਕਹਿਣ 'ਤੇ ਆ ਗਏ ਸਨ ਕਿ ਕੈਨੇਡੀਅਨਾਂ ਨੂੰ ਕੋਵਿਡ ਟੀਕੇ ਲਈ ਲੰਮਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਹ ਸਭ ਤੋਂ ਪਹਿਲਾਂ ਉਨ੍ਹਾਂ ਦੇਸ਼ਾਂ ਨੂੰ ਉਪਲਬਧ ਹੋਵੇਗਾ ਜਿੱਥੇ ਇਨ੍ਹਾਂ ਦਾ ਨਿਰਮਾਣ ਹੋ ਰਿਹਾ ਹੈ। ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆਉਣ ਤੋਂ ਬਾਅਦ ਟਰੂਡੋ ਨੇ ਹੁਣ ਕਿਹਾ ਹੈ ਕਿ ਕੈਨੇਡਾ ਨੇ ਛੇ ਹੋਰ ਨਿਰਮਾਤਾਵਾਂ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਟੀਕਾ ਬਜ਼ੁਰਗਾਂ ਅਤੇ ਸਿਹਤ ਮੁਲਾਜ਼ਮਾਂ ਨੂੰ ਲਾਇਆ ਜਾਵੇਗਾ। ਬ੍ਰਿਟੇਨ ਫਾਈਜ਼ਰ-ਬਾਇਓਨਟੈਕ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਹੈ।