ਉੱਘੇ ਕਾਰੋਬਾਰੀ ਅਰਵਿੰਦਰ ਖੋਸਾ ਨੂੰ ਸਮਰਪਿਤ ''ਕੈਨੇਡਾ ਟੈਬਲੋਇਡ'' ਮੈਗਜ਼ੀਨ ਦਾ 48ਵਾਂ ਅੰਕ ਜਾਰੀ

Sunday, Jan 18, 2026 - 10:02 AM (IST)

ਉੱਘੇ ਕਾਰੋਬਾਰੀ ਅਰਵਿੰਦਰ ਖੋਸਾ ਨੂੰ ਸਮਰਪਿਤ ''ਕੈਨੇਡਾ ਟੈਬਲੋਇਡ'' ਮੈਗਜ਼ੀਨ ਦਾ 48ਵਾਂ ਅੰਕ ਜਾਰੀ

ਵੈਨਕੂਵਰ, (ਮਲਕੀਤ ਸਿੰਘ)- ਸਮਾਜ ਭਲਾਈ ਕਾਰਜਾਂ ਲਈ ਯਤਨਸ਼ੀਲ 'ਚੜਦੀ ਕਲਾ ਬ੍ਰਦਰਹੁਡਜ਼ ਵੈਲਫੇਅਰ ਐਸੋਸੀਏਸ਼ਨ' ਦੇ ਡਾਇਰੈਕਟਰ ਅਤੇ ਪ੍ਰਸਿੱਧ ਤ੍ਰੈਮਾਸਕ ਮੈਗਜ਼ੀਨ 'ਕੈਨੇਡਾ ਟੈਬਲੋਇਡ' ਦੇ ਸੰਪਾਦਕ ਜਸਵਿੰਦਰ ਸਿੰਘ ਦਿਲਾਵਰੀ ਵੱਲੋਂ ਮੈਗਜ਼ੀਨ ਦਾ 48ਵਾਂ ਅੰਕ ਜਾਰੀ ਕੀਤਾ ਗਿਆ ਹੈ। ਸਰੀ ਦੀ 128 ਸਟਰੀਟ 'ਤੇ ਸਥਿਤ ਸ਼ਾਹੀ ਕੈਟਰਿੰਗ ਦੇ ਹਾਲ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਹ ਅੰਕ ਬ੍ਰਿਟਿਸ਼ ਕੋਲੰਬੀਆ ਦੇ ਉੱਘੇ ਕਾਰੋਬਾਰੀ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਖੋਸਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸਮਾਜਿਕ ਸੇਵਾਵਾਂ ਸਦਕਾ ਸਮਰਪਿਤ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰੀ-ਨਿਊਟਨ ਤੋਂ ਪੰਜਾਬੀ ਸਾਂਸਦ ਸੁਖ ਧਾਲੀਵਾਲ ਨੇ ਜਸਵਿੰਦਰ ਸਿੰਘ ਦਿਲਾਵਰੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਸਫਲਤਾਪੂਰਵਕ ਪ੍ਰਕਾਸ਼ਿਤ ਹੋ ਰਹੇ ਇਸ ਮੈਗਜ਼ੀਨ ਨੇ ਭਾਈਚਾਰੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਸਮੂਹ ਭਾਈਚਾਰੇ ਨੂੰ ਅਜਿਹੇ ਉਸਾਰੂ ਕਾਰਜਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਹਸਤੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਅਰਨੀ ਕਲਾਸਨ, ਗੁਰਬਖਸ਼ ਸੈਣੀ, ਬਰਾਇਨ ਟੈਪਰ, ਹਰਮਨ ਭੰਗੂ, ਸਟੀਵ ਕੂਨਰ, ਲਿੰਡਾ ਐਨਸ, ਮਾਈਕਲ ਬੈਂਸ, ਮਨਦੀਪ ਨਾਗਰਾ, ਬਿਲਾਲ ਚੀਮਾ, ਮਾਈਕਲ ਸਟਾਰਚੁੱਕ, ਡਗ ਮਕਲਮ, ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ, ਸੀਜੇ ਸਿੱਧੂ, ਸੁਖਵਿੰਦਰ ਸਿੰਘ ਬਿੱਲਾ ਸੰਧੂ, ਗੈਰੀ ਥਿੰਦ, ਹਰਪ੍ਰੀਤ ਮਾਨਕਟਾਲਾ, ਡਿੰਪੀ ਵਾਲੀਆ, ਗੌਰਵ ਵਾਲੀਆ, ਅੰਮ੍ਰਿਤਪਾਲ ਢੋਟ, ਗਗਨ ਨਾਹਨ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਹੈਰੀ ਅਤੇ ਸਪਨੀਤ ਕੌਰ ਦੇ ਨਾਮ ਜ਼ਿਕਰਯੋਗ ਹਨ।

ਸਮਾਗਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਨੇ ਸਮੂਹਿਕ ਤੌਰ 'ਤੇ ਗਰਮ-ਗਰਮ ਚਾਹ ਅਤੇ ਪਕੌੜਿਆਂ ਦਾ ਅਨੰਦ ਮਾਣਿਆ। ਸਥਾਨਕ ਭਾਈਚਾਰੇ ਵੱਲੋਂ ਅਰਵਿੰਦਰ ਖੋਸਾ ਦੇ ਸਨਮਾਨ ਵਿੱਚ ਕੱਢੇ ਗਏ ਇਸ ਅੰਕ ਦੀ ਭਰਪੂਰ ਸ਼ਲਾਘਾ ਕੀਤੀ ਗਈ।


author

Rakesh

Content Editor

Related News