ਕੈਨੇਡਾ ਨੇ ਨਵਲਨੀ ਦੀ ਮੌਤ ਮਗਰੋਂ ਰੂਸੀ ਰਾਜਦੂਤ ਨੂੰ ਕੀਤਾ ਤਲਬ
Thursday, Feb 22, 2024 - 01:17 PM (IST)
ਓਟਾਵਾ - ਕੈਨੇਡਾ ਨੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਾਲਨੀ ਦੀ ਰੂਸੀ ਹਿਰਾਸਤ ਵਿੱਚ ਹੋਈ ਮੌਤ 'ਤੇ ਇਤਰਾਜ਼ ਜਤਾਉਣ ਲਈ ਬੁੱਧਵਾਰ ਨੂੰ ਓਟਾਵਾ ਵਿੱਚ ਕ੍ਰੇਮਲਿਨ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਦੇ ਦਫ਼ਤਰ ਦੇ ਬੁਲਾਰੇ ਨੇ ਗਲੋਬਲ ਨਿਊਜ਼ ਨੂੰ ਇਕ ਬਿਆਨ ਵਿਚ ਦੱਸਿਆ ਕਿ ਗਲੋਬਲ ਅਫੇਅਰਜ਼ ਕੈਨੇਡਾ ਦੇ ਇਕ ਸੀਨੀਅਰ ਅਧਿਕਾਰੀ ਨੇ ਰੂਸੀ ਹਿਰਾਸਤ ਵਿਚ ਨਵਲਨੀ ਦੀ ਮੌਤ 'ਤੇ ਕੈਨੇਡਾ ਦੀ ਫਟਕਾਰ ਸੁਣਨ ਲਈ ਰਾਜਦੂਤ ਓਲੇਗ ਸਟੈਪਨੋਵ ਨਾਲ ਮੁਲਾਕਾਤ ਕੀਤੀ।
ਬਿਆਨ ਮੁਤਾਬਕ, ਮੀਟਿੰਗ ਦੌਰਾਨ ਕੈਨੇਡੀਅਨ ਅਧਿਕਾਰੀ ਨੇ ਕ੍ਰੇਮਲਿਨ ਨੂੰ "ਮੌਤ ਦੀ ਪੂਰਨ ਅਤੇ ਪਾਰਦਰਸ਼ੀ ਜਾਂਚ" ਕਰਨ ਅਤੇ ਨਵਲਨੀ ਦੀ ਲਾਸ਼ ਨੂੰ "ਬਿਨਾਂ ਦੇਰੀ ਕੀਤੇ" ਉਸਦੇ ਪਰਿਵਾਰ ਨੂੰ ਸੌਂਪਣ ਲਈ ਵੀ ਕਿਹਾ। ਬੁਲਾਰੇ ਇਜ਼ਾਬੇਲਾ ਓਰੋਜ਼ਕੋ-ਮੈਡੀਸਨ ਨੇ ਕਿਹਾ ਕਿ ਸਟੇਪਨੋਵ ਨੂੰ ਜੋਲੀ ਦੀ ਬੇਨਤੀ 'ਤੇ ਬੁਲਾਇਆ ਗਿਆ ਸੀ। ਇੱਥੇ ਦੱਸ ਦੇਈਏ ਕਿ ਰੂਸ ਦੀ ਫੈਡਰਲ ਜੇਲ੍ਹ ਸੇਵਾ ਨੇ ਇੱਕ ਬਿਆਨ ਵਿੱਚ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸੈਰ ਕਰਨ ਤੋਂ ਬਾਅਦ ਨਵਲਨੀ ਨੂੰ ਸਿਹਤ ਸਬੰਧੀ ਸਮੱਸਿਆ ਮਹਿਸੂਸ ਹੋਈ ਅਤੇ ਉਹ ਬੇਹੋਸ਼ ਹੋ ਗਿਆ। ਇਸ ਮਗਰੋਂ ਇੱਕ ਐਂਬੂਲੈਂਸ ਨਵਲਨੀ ਦੀ ਮਦਦ ਲਈ ਪਹੁੰਚੀ, ਪਰ ਉਸਦੀ ਮੌਤ ਹੋ ਗਈ। ਨਵਲਨੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਭ ਤੋਂ ਮਜ਼ਬੂਤ ਘਰੇਲੂ ਵਿਰੋਧੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।