ਕੈਨੇਡਾ ਤੋਂ ਦੁੱਖਦਾਈ ਖ਼ਬਰ : ਹਾਦਸੇ 'ਚ ਸੰਗਰੂਰ ਦੇ ਨੌਜਵਾਨ ਦੀ ਮੌਤ
Friday, Jan 01, 2021 - 05:03 PM (IST)
ਨਿਊਯਾਰਕ / ਓਂਟਾਰੀਓ, (ਰਾਜ ਗੋਗਨਾ)— ਕੈਨੇਡਾ ਦੇ ਸੂਬੇ ਓਂਟਾਰੀੳ ਤੋਂ ਇਕ ਬੜੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਹਾਈਵੇਅ 17 'ਤੇ ਨਿੱਪੀਗਨ ਅਤੇ ਥੰਡਰਵੇਅ ਦੇ ਵਿਚਾਲੇ ਇਕ ਕਾਰ-ਟ੍ਰੇਲਰ ਭਿਆਨਕ ਸੜਕ ਹਾਦਸੇ 'ਚ ਇਕ ਪੰਜਾਬੀ ਨੌਜਵਾਨ ਮਨਦੀਪ ਸਿੰਘ ਸੋਹੀ (25) ਦੀ ਮੌਤ ਹੋ ਗਈ, ਜਦ ਕਿ ਉਸ ਦੇ ਨਾਲ ਦੂਜਾ ਨੌਜਵਾਨ ਗੰਭੀਰ ਰੂਪ 'ਚ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਮਨਦੀਪ ਸੋਹੀ ਦੋ ਕੁ ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਇਆ ਸੀ। ਮਨਦੀਪ ਨੇ ਟੋਰਾਂਟੋ ਤੋਂ ਪਿਛਲੇ ਹਫ਼ਤੇ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਤੇ ਹੁਣ ਉਹ ਐਡਮਿੰਟਨ ਜਾ ਰਿਹਾ ਸੀ। ਉਹ ਤੇ ਉਸ ਦਾ ਦੋਸਤ ਟੋਰਾਂਟੋ ਤੋਂ ਲੰਘੇ ਦਿਨ 30 ਦਸੰਬਰ, 2020 ਨੂੰ ਟੋਰਾਂਟੋ ਤੋਂ ਐਡਮਿੰਟਨ ਜਾ ਰਹੇ ਸਨ ਤੇ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਇਕ ਟਰੱਕ ਟ੍ਰੇਲਰ ਨਾਲ ਟਕਰਾ ਗਈ। ਹਾਦਸੇ ਦਾ ਕਾਰਨ ਭਾਰੀ ਬਰਫਬਾਰੀ ਦੱਸੀ ਜਾ ਰਹੀ ਹੈ। ਹਾਦਸੇ ਵਿਚ ਮਨਦੀਪ ਸੋਹੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਨਦੀਪ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਪੰਜਾਬੀ ਭਾਈਚਾਰੇ ਵੱਲੋਂ ਮਦਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਓਂਟਾਰੀਓ ਦੇ ਲਾਂਗ ਟਰਮ ਕੇਅਰ ਹੋਮ ਨੂੰ ਮਿਲੀ ਮੋਡੇਰਨਾ ਦੇ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ
ਪੰਜਾਬੀ ਭਾਈਚਾਰੇ ਨੇ ਬੇਨਤੀ ਕੀਤੀ ਹੈ ਕਿ ਇਸ ਦੁੱਖ ਦੀ ਘੜੀ 'ਚ ਉਸ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਬਣਦਾ ਯੋਗਦਾਨ ਜ਼ਰੂਰ ਪਾਇਆ ਜਾਵੇ। ਮਨਦੀਪ ਪਿੰਡ ਬਨਭੋਰਾ ਤਹਿਸੀਲ ਮਾਲੇਰ ਕੋਟਲਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਮਨਦੀਪ ਸਿੰਘ ਸੋਹੀ ਦੇ ਪਿਤਾ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ ਅਤੇ ਉਸ ਦੀ ਬਜ਼ੁਰਗ ਮਾਤਾ ਹੀ ਹੈ ਅਤੇ ਉਨ੍ਹਾਂ ਦੀ ਜ਼ਮੀਨ ਵੀ ਨਾ-ਮਾਤਰ ਹੋਣ ਕਾਰਨ ਮਾਂ ਆਪਦੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਉਣ ਤੋਂ ਵੀ ਅਸਮਰੱਥ ਹੈ।