ਕੈਨੇਡਾ ਦਾ ਪਹਿਲਾ ਦਸਤਾਰਧਾਰੀ ਪੁਲਸ ਅਧਿਕਾਰੀ ਢਿੱਲੋਂ WorkSafeBC ਦਾ ਪ੍ਰਧਾਨ ਨਿਯੁਕਤ
Monday, Jul 03, 2023 - 01:25 PM (IST)
 
            
            ਟੋਰਾਂਟੋ (ਭਾਸ਼ਾ): ਕੈਨੇਡਾ ਵਿਚ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਲਜੀਤ ਸਿੰਘ ਢਿੱਲੋਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰਸੀਐਮਪੀ) ਵਿੱਚ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਲਤੇਜ ਸਿੰਘ ਢਿੱਲੋਂ ਨੂੰ ਵਰਕਸੇਫ਼ਬੀਸੀ (WorkSafeBC) ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਉਹ ਇਹ ਉੱਚ ਅਹੁਦਾ ਸੰਭਾਲਣ ਵਾਲਾ ਪਹਿਲਾ ਦੱਖਣੀ ਏਸ਼ੀਆਈ ਬਣ ਗਿਆ ਹੈ।

2017 ਤੋਂ ਬੋਰਡ ਦੇ ਮੈਂਬਰ ਢਿੱਲੋਂ ਨੂੰ ਪਿਛਲੇ ਹਫ਼ਤੇ ਕਿਰਤ ਮੰਤਰੀ ਹੈਰੀ ਬੈਂਸ ਦੁਆਰਾ ਕੀਤੇ ਗਏ ਐਲਾਨ ਤੋਂ ਬਾਅਦ 30 ਜੂਨ ਤੋਂ ਪ੍ਰਭਾਵੀ ਤਿੰਨ ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ। ਬਲਤੇਜ ਇੱਕ ਤਜਰਬੇਕਾਰ ਪੁਲਸ ਅਧਿਕਾਰੀ ਹੈ, ਜਿਸ ਕੋਲ ਕਾਨੂੰਨ ਲਾਗੂ ਕਰਨ ਵਿੱਚ ਮੁਹਾਰਤ ਅਤੇ ਵਰਕਸੇਫਬੀਸੀ ਵਿੱਚ ਇੱਕ ਡਾਇਰੈਕਟਰ ਵਜੋਂ ਛੇ ਸਾਲਾਂ ਦਾ ਤਜਰਬਾ ਹੈ। ਬੈਂਸ ਨੇ ਆਪਣੇ ਐਲਾਨ ਵਿਚ ਕਿਹਾ ਕਿ ਉਹ ਕੰਮ ਵਾਲੀ ਥਾਂ 'ਤੇ ਗੰਭੀਰ ਘਟਨਾਵਾਂ ਦੀ ਜਾਂਚ ਵਿੱਚ ਵਰਕਸੇਫਬੀਸੀ ਦੀ ਭੂਮਿਕਾ ਲਈ ਵਚਨਬੱਧ ਹੋਵੇਗਾ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾ ਸਕੇ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵਰਕਸੇਫਬੀਸੀ ਇੱਕ ਸੂਬਾਈ ਏਜੰਸੀ ਹੈ ਜੋ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਸਿਹਤਮੰਦ ਕਾਰਜ ਸਥਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਵਰਕਸੇਫਬੀਸੀ ਬੋਰਡ ਆਫ਼ ਡਾਇਰੈਕਟਰਜ਼ ਦੀ ਨਿਯੁਕਤੀ ਬ੍ਰਿਟਿਸ਼ ਕੋਲੰਬੀਆ ਦੇ ਕਿਰਤ ਮੰਤਰੀ ਦੁਆਰਾ ਕੀਤੀ ਜਾਂਦੀ ਹੈ। ਬੋਰਡ ਦੇ ਮੈਂਬਰ WorkSafeBC ਅਤੇ ਵਰਕਰਾਂ ਦੀ ਮੁਆਵਜ਼ਾ ਪ੍ਰਣਾਲੀ ਦੇ ਪ੍ਰਬੰਧਕ ਵਜੋਂ ਕੰਮ ਕਰਦੇ ਹਨ। ਢਿੱਲੋਂ ਖੁਫੀਆ, ਵਿਸ਼ੇਸ਼ ਲਾਗੂ ਕਰਨ, ਸੁਰੱਖਿਆ ਸੇਵਾਵਾਂ ਅਤੇ 1985 ਏਅਰ ਇੰਡੀਆ ਬੰਬ ਧਮਾਕੇ ਟਾਸਕ ਫੋਰਸ ਅਤੇ ਪਿਕਟਨ ਕੇਸ ਦੀ ਜਾਂਚ ਵਿੱਚ ਤਿੰਨ ਦਹਾਕਿਆਂ ਦੇ ਲੰਬੇ ਕੈਰੀਅਰ ਤੋਂ ਬਾਅਦ 2019 ਵਿੱਚ ਪੁਲਸ ਫੋਰਸ ਤੋਂ ਸੇਵਾਮੁਕਤ ਹੋਇਆ। ਉਸਨੇ ਵਰਦੀ ਨਾਲ ਦਸਤਾਰ ਪਹਿਨਣ ਵਾਲਾ ਪਹਿਲਾ RCMP ਮੈਂਬਰ ਬਣ ਕੇ ਇਤਿਹਾਸ ਰਚਿਆ ਅਤੇ ਭਾਈਚਾਰਕ ਸੇਵਾ ਲਈ ਮਹਾਰਾਣੀ ਐਲਿਜ਼ਾਬੈਥ II ਗੋਲਡਨ ਅਤੇ ਡਾਇਮੰਡ ਜੁਬਲੀ ਮੈਡਲ ਵੀ ਪ੍ਰਾਪਤ ਕੀਤੇ। ਢਿੱਲੋਂ ਨੇ ਕਿਹਾ ਕਿ "ਉਹ ਆਪਣੇ ਸਾਥੀ ਬੋਰਡ ਮੈਂਬਰਾਂ ਅਤੇ ਵਰਕਸੇਫਬੀਸੀ ਸਟਾਫ਼ ਨਾਲ ਪ੍ਰਧਾਨ ਵਜੋਂ ਕੰਮ ਕਰਨਾ ਸ਼ੁਰੂ ਕਰਨ ਲਈ ਉਤਸ਼ਾਹਿਤ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਅਰਬ 'ਚ ਬਿਨਾਂ ਇਜਾਜ਼ਤ ਹੱਜ ਕਰਨ ਦੇ ਦੋਸ਼ 'ਚ 17 ਹਜ਼ਾਰ ਤੋਂ ਵੱਧ ਲੋਕ ਹਿਰਾਸਤ 'ਚ
ਮਲੇਸ਼ੀਆ ਵਿੱਚ ਵੱਡੇ ਹੋਏ ਢਿੱਲੋਂ 1983 ਵਿੱਚ 16 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਕੋਲੰਬੀਆ ਆ ਗਏ ਸਨ। ਢਿੱਲੋਂ ਨੇ ਅਪਰਾਧ ਵਿਗਿਆਨ ਦੀ ਪੜ੍ਹਾਈ ਕੀਤੀ ਅਤੇ 1988 ਵਿੱਚ ਆਰਸੀਐਮਪੀ ਵਿੱਚ ਅਰਜ਼ੀ ਦਿੱਤੀ, ਜਿੱਥੇ ਉਸਨੇ ਉਸ ਸਮੇਂ ਦੇ ਪਹਿਰਾਵੇ ਦੇ ਕੋਡ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਦਸਤਾਰ 'ਤੇ ਪਾਬੰਦੀ ਸੀ ਅਤੇ ਕਲੀਨ ਸ਼ੇਵ ਦੀ ਲੋੜ ਸੀ। ਮਾਰਚ 1990 ਵਿੱਚ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਬ੍ਰਾਇਨ ਮੁਲਰੋਨੀ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਆਰਸੀਐਮਪੀ ਡਰੈਸ ਕੋਡ ਵਿੱਚ ਕਈ ਤਬਦੀਲੀਆਂ ਦਾ ਐਲਾਨ ਕੀਤਾ, ਜਿਸ ਵਿੱਚ ਸਿੱਖਾਂ ਲਈ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੀ ਆਜ਼ਾਦੀ ਸ਼ਾਮਲ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            