ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਨੇ 132 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੀਤਾ ਫੇਲ੍ਹ, ਪੀੜਤਾਂ 'ਚ ਵਧੇਰੇ ਪੰਜਾਬੀ

Tuesday, Jan 16, 2024 - 09:52 AM (IST)

ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਨੇ 132 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੀਤਾ ਫੇਲ੍ਹ, ਪੀੜਤਾਂ 'ਚ ਵਧੇਰੇ ਪੰਜਾਬੀ

ਜਲੰਧਰ (ਇੰਟ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਅਲਗੋਮਾ ਯੂਨੀਵਰਸਿਟੀ ’ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸਿੱਖਿਆ ਦੇ ਨਾਂ ’ਤੇ ਗੋਰਖਧੰਦਾ ਕਰਨ ਦੇ ਦੋਸ਼ ਲਗਾਏ ਹਨ। ਦਰਅਸਲ, ਯੂਨੀਵਰਸਿਟੀ ਨੇ ਸਿਸਟਮ ਵਿਸ਼ਲੇਸ਼ਣ ਦੇ ਤਕਨੀਕੀ ਸਿਖਲਾਈ ਕੋਰਸ ਵਿਚ 230 ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 132 ਨੂੰ ਫੇਲ੍ਹ ਕਰ ਦਿੱਤਾ ਹੈ, ਜਿਸ ਕਾਰਨ ਵਿਦਿਆਰਥੀ ਪਿਛਲੇ 10 ਦਿਨਾਂ ਤੋਂ ਯੂਨੀਵਰਸਿਟੀ ਖ਼ਿਲਾਫ਼ ਰੋਸ ਵਿਖਾਵਾ ਕਰ ਰਹੇ ਹਨ। ਇਨ੍ਹਾਂ ਪੀੜਤ ਵਿਦਿਆਰਥੀਆਂ ਵਿਚ ਵਧੇਰੇ ਪੰਜਾਬੀ ਵੀ ਸ਼ਾਮਲ ਹਨ। ਦੋਸ਼ ਹੈ ਕਿ ਯੂਨੀਵਰਸਿਟੀ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਫੇਲ੍ਹ ਕਰਕੇ ਮੁੜ-ਨਾਮਜ਼ਦਗੀ ਦੇ ਨਾਂ ’ਤੇ ਫੀਸਾਂ ਤੋਂ ਮੋਟਾ ਮੁਨਾਫਾ ਕਮਾਉਣਾ ਚਾਹੁੰਦੀ ਹੈ। ਪਿਛਲੇ ਐਤਵਾਰ ਵੀ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੈਂਪਸ ਵਿਚ ਰੋਸ ਵਿਖਾਵਾ ਜਾਰੀ ਰੱਖਿਆ। ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ (ਐੱਮ. ਬਾਈ. ਐਸ. ਓ.) ਇਨ੍ਹਾਂ ਵਿਦਿਆਰਥੀਆਂ ਦੇ ਅੰਦੋਲਨ ਦਾ ਸਮਰਥਨ ਕਰ ਰਹੀ ਹੈ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੁੱਝ ਦਿਨ ਪਹਿਲਾਂ ਅਮਰੀਕਾ ਗਏ 2 ਭਾਰਤੀ ਵਿਦਿਆਰਥੀਆਂ ਦੀ ਮੌਤ, ਘਰ 'ਚੋਂ ਮਿਲੀਆਂ ਲਾਸ਼ਾਂ

ਮੁੜ-ਨਾਮਜ਼ਦਗੀ ਦੇ ਦੇਣੇ ਹੋਣਗੇ 3,500 ਡਾਲਰ

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਅਲਗੋਮਾ ਯੂਨੀਵਰਸਿਟੀ ਵਿਚ ਵਧੇਰੇ ਵਿਦਿਆਰਥੀ ਪੰਜਾਬੀ ਮੂਲ ਦੇ ਹਨ। ਦੱਸ ਦੇਈਏ ਕਿ ਇਕ ਅੰਦਾਜ਼ੇ ਮੁਤਾਬਕ ਪੰਜਾਬੀ ਹਰ ਸਾਲ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਅਤੇ ਪੜ੍ਹਾਉਣ ਲਈ 27 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਇਕ ਸੂਚਨਾ ਤਕਨਾਲੋਜੀ ਦੇ ਪ੍ਰੋਫੈਸਰ ਨੇ 130 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੇਲ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਇਕ ਵਿਦਿਆਰਥੀ ਨੇ ਕਿਹਾ ਕਿ ਇਹ ਸਾਰੀ ਖੇਡ ਮੁੜ-ਪ੍ਰੀਖਿਆ ਫੀਸ ਵਸੂਲਣ ਦੀ ਚਾਲ ਹੈ। ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ (ਮਾਈ. ਵਾਈ. ਐੱਸ. ਓ.) ਦਾ ਕਹਿਣਾ ਹੈ ਕਿ ਇੰਨੇ ਸਾਰੇ ਵਿਦਿਆਰਥੀਆਂ ਨੂੰ ਫੇਲ ਕਰਕੇ ਅਲਗੋਮਾ ਮੁੜ-ਨਾਮਜ਼ਦਗੀ ਦੇ ਲਈ ਪ੍ਰਤੀ ਵਿਦਿਆਰਥੀ ਤੋਂ ਵੱਧ ਤੋਂ ਵੱਧ 3,500 ਡਾਲਰ ਫੀਸ ਵਸੂਲਣ ਦੀ ਤਾਕ ਵਿਚ ਹੈ।

ਇਹ ਵੀ ਪੜ੍ਹੋ: ਗਾਜ਼ਾ ’ਚ ਜੰਗ ਦੇ 100 ਦਿਨ ਪੂਰੇ, PM ਬੋਲੇ- ਹਮਾਸ ਨੂੰ ਕੁਚਲਣ ਤੱਕ ਇਜ਼ਰਾਈਲ ਨਹੀਂ ਰੁਕੇਗਾ

2023 ਵਿਚ ਯੂਨੀਵਰਸਿਟੀ ਨੇ ਇੰਝ ਕਮਾਏ 43 ਮਿਲੀਅਨ ਡਾਲਰ

ਇਸ ਤੋਂ ਇਲਾਵਾ ਅਲਗੋਮਾ ਯੂਨੀਵਰਸਿਟੀ ਦੀ ਪ੍ਰਤੀ ਸਾਲ 22,000 ਡਾਲਰ ਦੀ ਟਿਊਸ਼ਨ ਫੀਸ ’ਤੇ ਵੀ ਨਜ਼ਰਾਂ ਗੱਢੀਆਂ ਰਹਿੰਦੀਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਅਲਗੋਮਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਘੱਟ ਆ ਰਹੀਆਂ ਹਨ। ਐੱਮ.ਵਾਈ.ਐੱਸ.ਓ. ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਿੱਥੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਫੇਲ ਹੋਏ ਹਨ। 2023 ਵਿੱਚ ਅਲਗੋਮਾ ਨੇ 142.8 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜਿਸ ਵਿੱਚੋਂ 107 ਮਿਲੀਅਨ ਡਾਲਰ ਵਿਦਿਆਰਥੀਆਂ ਦੀਆਂ ਟਿਊਸ਼ਨ ਫੀਸਾਂ ਤੋਂ ਆਏ। ਐਲਗੋਮਾ ਨੇ ਉਸ ਸਾਲ 43 ਮਿਲੀਅਨ ਡਾਲਰ ਦਾ ਮੁਨਾਫਾ ਕਮਾਇਆ ਸੀ।

ਇਹ ਵੀ ਪੜ੍ਹੋ: ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਮੀਗ੍ਰੇਸ਼ਨ ਮੰਤਰੀ ਨੇ ਦਿੱਤੇ ਵੱਡੇ ਸੰਕੇਤ

ਵਿਦਿਆਰਥੀ ਚਾਹੁੰਦੇ ਹਨ ਸਾਲਾਨਾ ਗਰੇਡਿੰਗ ਪ੍ਰਣਾਲੀ ’ਚ ਬਦਲਾਅ

ਯੂਨੀਵਰਸਿਟੀ ਦੀ ਵਿਦਿਆਰਥੀ ਕਮੇਟੀ ਦੇ ਮੈਂਬਰ ਬੱਲੀ ਸਿੰਘ ਨੇ ਕਿਹਾ ਕਿ ਸਾਲਾਨਾ ਗਰੇਡਿੰਗ ਪ੍ਰਣਾਲੀ ਨੂੰ ਬਦਲਣ ਦੀ ਲੋੜ ਹੈ ਅਤੇ ਯੂਨੀਵਰਸਿਟੀ ਨੂੰ ਸਾਡੀ ਮੰਗ ’ਤੇ ਗੌਰ ਕਰਨ ਦੀ ਲੋੜ ਹੈ। ਅਸੀਂ ਪੇਪਰ ਚੈਕਿੰਗ ਦੀ ਪਾਰਦਰਸ਼ੀ ਪ੍ਰਣਾਲੀ ਚਾਹੁੰਦੇ ਹਾਂ ਅਤੇ ਵਿਦਿਆਰਥੀਆਂ ’ਤੇ ਮੁੜ ਪ੍ਰੀਖਿਆ ਲਈ ਵਾਧੂ ਫੀਸਾਂ ਦਾ ਬੋਝ ਨਾ ਪਾਇਆ ਜਾਵੇ। ਵਿਦਿਆਰਥੀ ਕਮੇਟੀ ਦੇ ਇੱਕ ਹੋਰ ਮੈਂਬਰ ਪ੍ਰਵੀਨ ਗਿੱਲ ਨੇ ਕਿਹਾ ਕਿ ਇੰਨੇ ਸਾਰੇ ਵਿਦਿਆਰਥੀਆਂ ਖਾਸ ਕਰਕੇ ਅੰਤਰਰਾਸ਼ਟਰੀ ਮੂਲ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਪੈ ਰਹੀ ਹੈ ਹੱਡ ਚੀਰਵੀਂ ਠੰਡ, ਕਈ ਥਾਵਾਂ 'ਤੇ ਤਾਪਮਾਨ ਸਿਫ਼ਰ ਤੋਂ ਹੇਠਾਂ, 4 ਲੋਕਾਂ ਦੀ ਮੌਤ

ਇਸੇ ਕਾਰਨ ਸ਼ੱਕ ਦੇ ਘੇਰੇ ਵਿਚ ਹੈ ਯੂਨੀਵਰਸਿਟੀ

ਐੱਮ.ਵਾਈ.ਐੱਸ.ਓ. ਦੇ ਵਲੰਟੀਅਰ ਮਨਪ੍ਰੀਤ ਕੌਰ ਲੌਂਗੋਵਾਲ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਆਈ.ਟੀ. ਗਰੈਜੂਏਟ ਕੋਰਸ ਵਿਚ 10 ਵਿਸ਼ੇ ਹਨ। ਹੈਰਾਨੀ ਦੀ ਗੱਲ ਹੈ ਕਿ ਵਿਦਿਆਰਥੀ ਸਾਰੇ 9 ਵਿਸ਼ਿਆਂ ਵਿੱਚ ਚੰਗੇ ਅੰਕ ਲੈ ਕੇ ਪਾਸ ਹੋਏ ਹਨ। ਉਨ੍ਹਾਂ ਨੇ ਸਿਸਟਮ ਐਨਾਲਿਸਟ ਦੇ ਟੈਕਨੀਕਸ ਪੇਪਰ ਦਾ ਪ੍ਰੈਕਟੀਕਲ ਵੀ ਪਾਸ ਕੀਤਾ ਹੈ, ਪਰ ਇਸ ਦੀ ਥਿਊਰੀ ਪ੍ਰੀਖਿਆ ਵਿੱਚ ਫੇਲ ਹੋ ਗਏ, ਜੋ ਕਿ ਬਹੁਤ ਹੀ ਹੈਰਾਨੀਜਨਕ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਡੌਂਕੀ ਲਾ UK ਜਾਣਾ ਚਾਹੁੰਦੇ ਸਨ ਪਰ ਕਿਸਮਤ ਨੇ ਨਾ ਦਿੱਤਾ ਸਾਥ, ਸਮੁੰਦਰ ਕੰਢੇ ਰੁੜ ਕੇ ਆਈਆਂ 5 ਪ੍ਰਵਾਸੀਆਂ ਦੀਆਂ ਲਾਸ਼ਾਂ

ਓਂਟਾਰੀਓ ਦੇ ਕਈ ਕਾਲਜਾਂ ’ਚ ਇਹੀ ਸਥਿਤੀ

ਐੱਮ.ਵਾਈ.ਐੱਸ.ਓ. ਦੇ ਇਕ ਹੋਰ ਵਲੰਟੀਅਰ ਖੁਸ਼ਪਾਲ ਗਰੇਵਾਲ ਨੇ ਦੱਸਿਆ ਕਿ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੰਘਰਸ਼ ਤੋਂ ਬਾਅਦ ਸਾਨੂੰ ਪਤਾ ਲੱਗਾ ਹੈ ਕਿ ਓਂਟਾਰੀਓ ਦੇ ਕਈ ਕਾਲਜਾਂ ਵਿਚ ਵੀ ਵਿਦਿਆਰਥੀਆਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਇਕ ਵਿਸ਼ੇ ਵਿਚ ਫੇਲ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਅਗਲੇ ਸਮੈਸਟਰ ਵਿਚ ਦਾਖਲਾ ਨਹੀਂ ਲੈ ਸਕਦੇ ਜਦੋਂ ਤੱਕ ਉਹ ਫੇਲ ਵਿਸ਼ਾ ਪਾਸ ਨਹੀਂ ਕਰਦੇ। ਇਸ 'ਤੇ 3,000 ਡਾਲਰ ਜਾਂ ਉਸ ਤੋਂ ਵੀ ਵੱਧ ਬੋਝ ਪੈਂਦਾ ਹੈ। ਸਾਡਾ ਮੰਨਣਾ ਹੈ ਕਿ ਇਹ ਕਾਲਜਾਂ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਪੈਸੇ ਕਮਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ ਜੋ ਪਹਿਲਾਂ ਹੀ ਕੈਨੇਡੀਅਨ ਵਿਦਿਆਰਥੀਆਂ ਨਾਲੋਂ ਚਾਰ ਗੁਣਾ ਵੱਧ ਫੀਸਾਂ ਅਦਾ ਕਰ ਰਹੇ ਹਨ।

ਇਹ ਵੀ ਪੜ੍ਹੋ: 13 ਲੋਕਾਂ ਨੂੰ ਲਿਜਾ ਰਹੇ ਹੌਟ ਏਅਰ ਬੈਲੂਨ 'ਚ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ

ਅਲਗੋਮਾ ਨੇ ਕੀਤਾ ਜਾਂਚ ਕਰਵਾਉਣ ਦਾ ਦਾਅਵਾ

ਇਸ ਦੌਰਾਨ ਅਲਗੋਮਾ ਯੂਨੀਵਰਸਿਟੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਹਰ ਉਸ ਵਿਦਿਆਰਥੀ ਨਾਲ ਸੰਪਰਕ ਕੀਤਾ ਹੈ ਜਿਸ ਨੇ ਕਿਸੇ ਖਾਸ ਕੋਚ ਦੇ ਗ੍ਰੇਡ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਸਾਇੰਸ ਦੇ ਡੀਨ ਤੁਰੰਤ ਜਾਂਚ ਦੀ ਅਗਵਾਈ ਕਰ ਰਹੇ ਹਨ। ਅਸੀਂ ਇਨ੍ਹਾਂ ਵਿਦਿਆਰਥੀਆਂ ਦੇ ਤਣਾਅ ਨੂੰ ਸਵੀਕਾਰ ਕਰਦੇ ਹਾਂ। ਅਸੀਂ ਅਕਾਦਮਿਕ ਅਖੰਡਤਾ ਨੂੰ ਮਹੱਤਵ ਦਿੰਦੇ ਹਾਂ ਅਤੇ ਵਿਗਿਆਨ ਫੈਕਲਟੀ ਹਰੇਕ ਵਿਦਿਆਰਥੀ ਲਈ ਨਿਰਪੱਖ ਮੁਲਾਂਕਣ ਨੂੰ ਯਕੀਨੀ ਬਣਾਉਣ ਲਈ ਦਖਲ ਦੇ ਰਹੀ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਸਾਬਕਾ PM ਜੈਸਿੰਡਾ ਆਰਡਰਨ ਨੇ ਕਰਾਇਆ ਵਿਆਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News