ਕੈਨੇਡਾ ''ਚ 10 ਹੋਰ ਜੰਗਲਾਂ ''ਚ ਲੱਗੀ ਅੱਗ
Saturday, Jun 10, 2023 - 12:19 PM (IST)
ਓਟਾਵਾ (ਵਾਰਤਾ)- ਕੈਨੇਡਾ ਵਿਚ 10 ਹੋਰ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਇਸ ਦੇ ਨਾਲ ਹੀ ਇਸ ਸਾਲ ਹੁਣ ਤੱਕ ਕੁੱਲ 2,405 ਜੰਗਲਾਂ ਵਿਚ ਅੱਗ ਲੱਗ ਚੁੱਕੀ ਹੈ। ਇੰਟਰ ਏਜੰਸੀ ਫੌਰੈਸਟ ਫਾਇਰ ਸੈਂਟਰ ਨੇ ਆਪਣੀ ਵੈੱਬਸਾਈਟ 'ਤੇ ਰੋਜ਼ਾਨਾ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਹੋਰ 89 ਜੰਗਲਾਂ ਵਿਚ ਅੱਗ ਸ਼ੁਰੂ ਹੋਈ, ਜਦੋਂਕਿ 114 ਜੰਗਲਾਂ ਵਿਚ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਇਨ੍ਹਾਂ ਜੰਗਲਾਂ ਵਿਚ ਲੱਗੀ ਅੱਗ ਹੁਣ ਤੱਕ 45,000 ਵਰਗ ਕਿਲੋਮੀਟਰ ਵਿਚ ਫੈਲ ਚੁੱਕੀ ਹੈ। ਸੈਂਟਰ ਮੁਤਾਬਕ ਸਾਲ 2023 ਜੰਗਲ ਵਿਚ ਅੱਗ ਲੱਗਣ ਦੀ ਘਟਨਾ ਦੇ ਮਾਮਲੇ ਵਿਚ ਸਭ ਤੋਂ ਖ਼ਰਾਬ ਸਾਲਾਂ ਵਿਚੋਂ ਇਕ ਰਿਹਾ ਹੈ। ਅਲਬਰਟਾ ਸੂਬੇ ਵਿਚ ਗਰਮ ਅਤੇ ਖ਼ੁਸ਼ਕ ਮੌਸਮ ਹੋਣ ਕਾਰਨ ਅੱਗ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ। ਸੈਂਟਰ ਨੇ ਦੱਸਿਆ ਕਿ ਓਨਟਾਰੀਓ ਵਿਚ 2 ਵੱਡੀਆਂ ਅੱਗ ਦੀਆਂ ਘਟਨਾਵਾਂ 'ਤੇ ਕੁੱਝ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਨਵੀਆਂ ਥਾਵਾਂ 'ਤੇ ਅੱਗ ਲੱਗਣ ਦੇ ਆਸਾਰ ਬਣੇ ਹੋਏ ਹਨ।