ਮੁਸਲਿਮ ਵਿਰੋਧੀ ਪੋਸਟ ਕਾਰਨ ਹੁਣ ਕੈਨੇਡਾ ''ਚ ਭਾਰਤੀ ਨੇ ਗਵਾਈ ਨੌਕਰੀ

05/08/2020 6:37:39 PM

ਟੋਰਾਂਟੋ (ਬਿਊਰੋ): ਕੈਨੇਡਾ ਵਿਚ ਇਕ ਭਾਰਤੀ ਨੂੰ ਮੁਸਲਿਮ ਵਿਰੋਧੀ ਪੋਸਟ ਲਿਖਣ ਕਾਰਨ ਨੌਕਰੀ ਗਵਾਉਣੀ ਪਈ ਹੈ। ਇਸਲਾਮੋਫੋਬੀਆ ਨੂੰ ਲੈ ਕੇ ਅਰਬ ਦੇਸ਼ਾਂ ਵਿਚ ਹਾਲ ਹੀ ਵਿਚ ਕਈ ਭਾਰਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਸੀ ਅਤੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਯੂ.ਏ.ਈ. ਵਿਚ ਕੁਝ ਭਾਰਤੀਆਂ ਦੀਆਂ ਇਸਲਾਮ ਵਿਰੋਧੀ ਪੋਸਟਾਂ 'ਤੇ ਵਿਵਾਦ ਵਧਣ ਦੇ ਬਾਅਦ ਭਾਰਤੀ ਰਾਜਦੂਤ ਪਵਨ ਕਪੂਰ ਨੂੰ ਬਿਆਨ ਵੀ ਜਾਰੀ ਕਰਨਾ ਪਿਆ ਸੀ। ਉਹਨਾਂ ਨੇ ਭਾਰਤੀ ਭਾਈਚਾਰੇ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਅਜਿਹੀਆਂ ਗਲਤੀਆਂ ਦੁਬਾਰਾ ਨਾ ਦੁਹਰਾਉਣ। ਭਾਵੇਂਕਿ ਇਹ ਸਿਲਸਿਲਾ ਰੁੱਕਦਾ ਨਜ਼ਰ ਨਹੀਂ ਆ ਰਿਹਾ।

 

ਕੈਨੇਡਾ ਵਿਚ ਮੁਸਲਿਮ ਵਿਰੋਧੀ ਟਿੱਪਣੀ ਨੂੰ ਲੈਕੇ ਨੌਕਰੀ ਗਵਾਉਣ ਵਾਲੇ ਭਾਰਤੀ ਸ਼ਖਸ ਦਾ ਨਾਮ ਰਵੀ ਹੁੱਡਾ ਹੈ। ਰਵੀ ਕੈਨੇਡਾ ਦੇ ਓਂਟਾਰੀਓ ਵਿਚ ਇਕ ਰੀਅਲ ਅਸਟੇਟ ਏਜੰਟ ਦੇ ਤੌਰ 'ਤੇ ਕੰਮ ਕਰ ਰਹੇ ਸੀ। ਅਸਲ ਵਿਚ ਟੋਰਾਂਟੋ ਦੀ ਇਕ ਮਿਊਨਸੀਪੈਲਿਟੀ ਨੇ 30 ਅਪ੍ਰੈਲ ਨੂੰ ਸਥਾਨਕ ਮਸਜਿਦਾਂ ਨੂੰ ਰਮਜ਼ਾਨ ਦੇ ਮਹੀਨੇ ਵਿਚ ਅਜ਼ਾਨ ਲਈ ਲਾਊਡਸਪੀਕਰ ਦੀ ਵਰਤੋਂ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ। ਇਸ ਐਲਾਨ ਨੂੰ ਲੈਕੇ ਹੀ ਵਿਵਾਦ ਸ਼ੁਰੂ ਹੋਇਆ। ਬਰੈਂਪਟਨ ਦੇ ਮੇਅਰ ਨੇ ਰਮਜ਼ਾਨ ਹੈਸ਼ਟੈਗ ਦੇ ਨਾਲ ਟਵੀਟ ਕੀਤਾ,''1984 ਵਿਚ ਪਾਸ ਕੀਤੇ ਗਏ  ਨੌਇਜ ਲਾਅ ਵਿਚ ਸਿਰਫ ਚਰਚ ਦੀ ਘੰਟੀ ਲਈ ਛੋਟ ਦਿੱਤੀ ਗਈ ਸੀ। ਹੁਣ ਇਸ ਵਿਚ ਸਾਰੇ ਧਰਮਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਵਿਚ ਤੈਅ ਸਮੇਂ ਅਤੇ ਡੇਸੀਬਲ ਪੱਧਰ ਨੂੰ ਮੰਨਣਾ ਹੋਵੇਗਾ। ਮੁਸਲਿਮ ਭਾਈਚਾਰਾ ਸੂਰਜ ਡੁੱਬਣ ਵੇਲੇ ਦੀ ਅਜ਼ਾਨ ਕਰ ਸਕਦਾ ਹੈ ਕਿਉਂਕਿ ਇਹ 2020 ਹੈ ਅਤੇ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦੇਖਦੇ ਹਾਂ।''

 

ਸੋਸ਼ਲ ਮੀਡੀਆ ਯੂਜ਼ਰਸ 'ਤੇ ਮੇਅਰ ਦੇ ਇਸ ਕਦਮ ਦੀ ਮੁਸਲਿਮ ਭਾਈਚਾਰੇ ਨੇ ਕਾਫੀ ਤਾਰੀਫ ਕੀਤੀ। ਕੁਝ ਯੂਜ਼ਰਸ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਕਾਰਨ ਮਸਜਿਦ ਨਹੀਂ ਜਾ ਸਕਦੇ ਹਾਂ। ਇਸ ਲਈ ਸਰਕਾਰ ਦਾ ਇਹ ਕਦਮ ਬਹੁਤ ਤਾਰੀਫ ਦੇ ਯੋਗ ਹੈ। ਭਾਵੇਂਕਿ ਮਿਊਨਸੀਪੈਲਿਟੀ ਦੇ ਫੈਸਲੇ 'ਤੇ ਰਵੀ ਹੁੱਡਾ ਨੇ ਇਤਰਾਜ਼ ਜ਼ਾਹਰ ਕੀਤਾ ਅਤੇ ਮੁਸਲਿਮਾਂ ਵਿਰੁੱਧ ਇਕ ਪੋਸਟ ਲਿਖ ਦਿੱਤੀ। ਉਹਨਾਂ ਨੇ ਲਿਖਿਆ,''ਅੱਗੇ ਕੀ? ਕੀ ਹੁਣ ਊਠ ਅਤੇ ਬਕਰੀਆਂ ਚਰਾਉਣ ਵਾਲਿਆਂ ਲਈ ਵੱਖਰੇ ਤੋਂ ਲਾਈਨ ਬਣਾਈ ਜਾਵੇਗੀ, ਕੁਰਬਾਨੀ ਦੇ ਨਾਮ 'ਤੇ ਘਰ ਵਿਚ ਹੀ ਜਾਨਵਰਾਂ ਦੀ ਹੱਤਿਆ ਕੀਤੀ ਜਾਵੇਗੀ। ਕੀ ਵੋਟਾਂ ਦੀ ਖਾਤਿਰ ਕੁਝ ਮੂਰਖਾਂ ਨੂੰ ਲੁਭਾਉਣ ਲਈ ਸਾਰੀਆਂ ਔਰਤਾਂ ਨੂੰ ਸਿਰ ਤੋਂ ਲੈ ਕੇ ਪੈਰਾਂਤੱਕ ਬੁਰਕਾ ਪਾਉਣ ਲਈ ਕਾਨੂੰਨ ਬਣਾਇਆ ਜਾਵੇਗਾ?''  

PunjabKesari

ਰਵੀ ਹੁੱਡਾ ਨੇ ਬਾਅਦ ਵਿਚ ਇਹ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤੱਕ ਉਹਨਾਂ ਦੇ ਟਵੀਟ ਦੇ ਸਕ੍ਰੀਨਸ਼ਾਟ ਵਾਇਰਲ ਹੋ ਚੁੱਕੇ ਸਨ। ਕੈਨੈਡਾ ਦੇ ਐਂਟੀ ਹੇਟ ਨੈੱਟਵਰਕ ਨੇ ਰਵੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਐਂਟੀ ਹੇਟ ਨੈੱਟਵਰਕ ਨੇ ਟਵੀਟ ਕੀਤਾ,''ਏਜੰਟ ਐਂਡ ਰਸਿਜਟਰਡ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਰਵੀ ਹੁੱਡਾ ਇਸ ਗੱਲ ਨਾਲ ਪਰੇਸ਼ਾਨ ਹਨ ਕਿ ਬਰੈਂਪਟਨ ਮਸਜਿਦਾਂ ਨੂੰ ਉਹ ਛੋਟ ਦੇ ਰਿਹਾ ਹੈ ਜੋ ਚਰਚ ਨੂੰ ਮਿਲੀਆਂ ਹੋਈਆਂ ਹਨ। ਮਿਸੀਸਾਉਗਾ ਵਿਚ ਰਮਜ਼ਾਨ ਦੇ ਦੌਰਾਨ ਅਜ਼ਾਨ ਮੁਸਲਿਮ ਦੇ ਵਿਰੁੱਧ ਨਫਰਤ ਫੈਲਾਉਣ ਦਾ ਸਾਧਨ ਬਣ ਗਿਆ ਹੈ। ਕਾਰਵਾਈ ਦੀ ਮੰਗ ਉਠਣ ਦੇ ਬਾਅਦ ਕੰਪਨੀ ਨੇ ਰਵੀ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ। 

 

ਰਵੀ ਦੇ ਐਂਪਲਾਇਰ ਰੀਮੈਕਸ ਕੈਨੈਡਾ ਨੇ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਰਵੀ ਹੁੱਡਾ ਦੀ ਰਾਏ ਨਾਲ ਬਿਲਕੁੱਲ ਵੀ ਸਹਿਮਤ ਨਹੀਂ ਹਨ ਅਤੇ ਨਾ ਹੀ ਇਸ ਦਾ ਸਮਰਥਨ ਕਰਦੇ ਹਨ। ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਸਾਡੀ ਕੰਪਨੀ ਦਾ ਹਿੱਸਾ ਨਹੀਂ ਹਨ।ਬਹੁਸਭਿਆਚਾਰਕਤਾ ਅਤੇ ਵਿਭਿੰਨਤਾ ਸਾਡੀ ਕਮਿਊਨਿਟੀ ਦੀ ਪਛਾਣ ਹੈ ਅਤੇ ਅਸੀਂ ਆਪਣੇ ਹਰ ਕੰਮ ਵਿਚ ਇਹਨਾਂ ਮੁੱਲਾਂ ਨੂੰ ਬਣਾਈ ਰੱਖਾਂਗੇ। ਮੈਕਵਿਲੇ ਪਬਲਿਕ ਸਕੂਲ ਦੇ ਸਕੂਲ ਕੌਂਸਲ ਚੇਯਰ ਤੋਂ ਵੀ ਰਵੀ ਹੁੱਡਾ ਨੂੰ ਹਟਾ ਦਿੱਤਾ ਗਿਆ ਹੈ। ਸਕੂਲ ਨੇ ਟਵੀਟ ਕੀਤਾ,''ਪ੍ਰਿੰਸੀਪਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸ਼ਖਸ ਨੂੰ ਸਕੂਲ ਕੌਂਸਲ ਚੇਯਰ ਤੋਂ ਬਾਹਰ ਕੀਤਾ ਜਾ ਰਿਹਾ ਹੈ ਅਤੇ ਹੁਣ ਉਹ ਕਦੇ ਇਸ ਵਿਚ ਹਿੱਸਾ ਨਹੀਂ ਲੈ ਪਾਉਣਗੇ। ਇਸਲਾਮੋਫੋਬੀਆ ਕਿਸੇ ਵੀ ਰੂਪ ਵਿਚ ਸਵੀਕਾਰਯੋਗ ਨਹੀਂ ਹਨ ਅਤੇ ਇਹ ਸਕੂਲ ਦੀਆਂ ਨੀਤੀਆਂ ਦੀ ਸਾਫ ਉਲੰਘਣਾ ਹੈ।''


Vandana

Content Editor

Related News