ਪ੍ਰਦਰਸ਼ਨਕਾਰੀਆਂ ਨੇ ਕੈਨਡਾ ਦੇ ਪਹਿਲਾ ਪੀ.ਐੱਮ. ਦਾ ਬੁੱਤ ਸੁੱਟਿਆ, ਪੁਲਸ ਵਿਰੁੱਧ ਕੀਤਾ ਪ੍ਰਦਰਸ਼ਨ

Sunday, Aug 30, 2020 - 09:03 AM (IST)

ਪ੍ਰਦਰਸ਼ਨਕਾਰੀਆਂ ਨੇ ਕੈਨਡਾ ਦੇ ਪਹਿਲਾ ਪੀ.ਐੱਮ. ਦਾ ਬੁੱਤ ਸੁੱਟਿਆ, ਪੁਲਸ ਵਿਰੁੱਧ ਕੀਤਾ ਪ੍ਰਦਰਸ਼ਨ

ਮਾਂਟਰੀਅਲ- ਪੁਲਸ ਦੇ ਤਸ਼ੱਦਦ ਤੋਂ ਤੰਗ ਆਏ ਲੋਕ ਪੁਲਸ ਦੀਆਂ ਸ਼ਕਤੀਆਂ ਘਟਾਉਣ ਲਈ ਲਗਾਤਾਰ ਮੰਗ ਕਰ ਰਹੇ ਹਨ। ਕੈਨੇਡਾ ਦੇ ਮਾਂਟਰੀਅਲ ਵਿਚ ਕੁਝ ਪ੍ਰਦਰਸ਼ਨਕਾਰੀ ਪੁਲਸ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ. ਮੈਕਡਾਨਲਜ਼ ਦਾ ਬੁੱਤ ਹੇਠਾਂ ਸੁੱਟ ਦਿੱਤਾ। 

PunjabKesari

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਵਿਚ ਦਿਖਾਈ ਦੇ ਰਿਹਾ ਹੈ ਕਿ ਕੈਨੇਡਾ ਦੇ ਬਸਤੀਵਾਦ ਦੇ ਪ੍ਰਤੀਕ ਇਸ ਬੁੱਤ ਨੂੰ ਜ਼ਮੀਨ 'ਤੇ ਸੁੱਟਿਆ ਗਿਆ ਹੈ ਤੇ ਇਸ ਉੱਤੇ ਪੇਂਟ ਸਪਰੇਅ ਕੀਤੀ ਗਈ ਹੈ। ਪੁਲਸ ਮੁਤਾਬਕ 200 ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਤੇ ਇਸ ਬੁੱਤ ਨੂੰ ਇੱਥੋਂ ਹਟਾ ਦਿੱਤਾ। ਅਜੇ ਤੱਕ ਪੁਲਸ ਵਲੋਂ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ। 

ਸ਼ਨੀਵਾਰ ਦੁਪਹਿਰ ਸਮੇਂ ਮਾਂਟਰੀਅਲ ਦੀ ਮੇਅਰ ਵੈਲਰੀ ਪਲਾਂਟ ਨੇ ਬੁੱਤ ਹਟਾਉਣ ਦੀ ਕਾਰਵਾਈ ਦੀ ਨਿੰਦਾ ਕੀਤੀ। ਟੋਰਾਂਟੋ, ਲੰਡਨ ਅਤੇ ਕੈਲਗਰੀ ਵਿਚ ਵੀ ਪ੍ਰਦਰਸ਼ਨ ਹੋਇਆ। ਸੈਂਕੜੇ ਲੋਕ 'ਬਲੈਕ ਲਾਈਵਜ਼ ਮੈਟਰ' ਮੁਹਿੰਮ ਰਾਹੀਂ ਆਪਣਾ ਵਿਰੋਧ ਪੇਸ਼ ਕਰ ਰਹੇ ਹਨ ਅਤੇ ਗੁਲਾਮੀ ਦੀ ਪ੍ਰਥਾ ਖਤਮ ਕਰਨ ਲਈ ਆਵਾਜ਼ ਚੁੱਕ ਰਹੇ ਹਨ। ਬੀਤੇ ਮਹੀਨਿਆਂ ਵਿਚ ਗੈਰ ਗੋਰਿਆਂ 'ਤੇ ਹੋ ਰਹੇ ਤਸ਼ੱਦਦਾਂ ਕਾਰਨ ਦੁਨੀਆ ਭਰ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। 

ਇਕ ਸਰਵੇ ਮੁਤਾਬਕ 51 ਫੀਸਦੀ ਕੈਨੇਡੀਅਨ ਪੁਲਸ ਦੀਆਂ ਸ਼ਕਤੀਆਂ ਘਟਾਉਣ ਲਈ ਸਹਿਮਤ ਹਨ ਜਦਕਿ 49 ਫੀਸਦੀ ਕੈਨੇਡੀਅਨ ਇਸ ਵਿਚਾਰ ਦੇ ਹੱਕ ਵਿਚ ਨਹੀਂ ਹਨ। 


author

Lalita Mam

Content Editor

Related News