ਕੈਨੇਡੀਅਨ ਮਾਹਰ ਦੀ ਚਿਤਾਵਨੀ: ਜੇਕਰ ਢੁੱਕਵੇਂ ਕਦਮ ਨਾ ਚੁੱਕੇ ਤਾਂ ਕੋਰੋਨਾ ਦੀ ਚੌਥੀ ਲਹਿਰ ਦੀ ਸੰਭਾਵਨਾ
Saturday, Jul 31, 2021 - 05:28 PM (IST)
ਓਟਾਵਾ: ਕੈਨੇਡਾ ’ਤੇ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ। ਦੇਸ਼ ਦੀ ਮੁੱਖ ਜਨ ਸਿਹਤ ਅਧਿਕਾਰੀ ਨੇ ਕਿਹਾ ਕਿ ਗਰਮੀਆਂ ਦੇ ਆਖ਼ੀਰ ਤੱਕ ਕੋਵਿਡ-19 ਦੀ ਚੌਥੀ ਲਹਿਰ ਆ ਸਕਦੀ ਹੈ। ਇਸ ਦੇ ਪਿੱਛੇ ਕਾਰਨ ਖ਼ਤਰਨਾਕ ਡੈਲਟਾ ਵੈਰੀਐਂਟ ਹੋਵੇਗਾ। ਡਾ. ਥੈਰੇਸਾ ਟੈਮ ਨੇ ਕਿਹਾ ਕਿ ਇਸ ਦੇ ਇਲਾਵਾ ਅਜਿਹਾ ਹੋਣ ਦਾ ਕਰਨ ਪਾਬੰਦੀਆਂ ਨੂੰ ਜਲਦ ਹਟਾਉਣਾ ਅਤੇ ਵੱਧ ਤੋਂ ਵੱਧ ਲੋਕਾਂ ਵੱਲੋਂ ਵੈਕਸੀਨ ਨਾ ਲਗਾਉਣਾ ਹੋ ਸਕਦਾ ਹੈ। ਡਾ. ਥੈਰੇਸਾ ਨੇ ਕਿਹਾ ਮਜ਼ਬੂਤ ਟੀਕਾਕਰਨ ਦੀ ਦਰ ਨੇ ਹਸਪਤਾਲ ਵਿਚ ਦਾਖ਼ਲ ਹੋਣ ਅਤੇ ਮੌਤਾਂ ਨੂੰ ਘੱਟ ਕਰਨ ਵਿਚ ਮਦਦ ਕੀਤੀ ਹੈ ਪਰ ਹਸਪਤਾਲਾਂ ਅਤੇ ਸਿਹਤ ਦੇਖ਼ਭਾਲ ਪ੍ਰਣਾਲੀ ’ਤੇ ਨਵੇਂ ਸਿਰੇ ਤੋਂ ਦਬਾਅ ਤੋਂ ਬਚਣ ਲਈ ਟੀਕਾਕਰਨ ਵਿਚ ਹੋਰ ਤੇਜ਼ੀ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਬਾਲਗਾਂ ਨੂੰ ਜਲਦ ਤੋਂ ਜਲਦ ਪੂਰੀ ਤਰ੍ਹਾ ਨਾਲ ਟੀਕਾਕਰਨ ਕਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਉਮਰ ਸਮੂਹਾਂ ਵਿਚ ਪਛੜਦੇ ਜਾ ਰਹੇ ਹਨ। ਟੈਮ ਨੇ ਇਕ ਨਿਊਜ਼ ਬ੍ਰੀਫਿੰਗ ਵਿਚ ਦੱਸਿਆ ਕਿ ਲੱਗਭਗ 6.3 ਮਿਲੀਅਨ ਕੈਨੇਡੀਅਨਾਂ ਨੂੰ ਪਹਿਲੀ ਖ਼ੁਰਾਕ ਨਹੀਂ ਮਿਲੀ ਹੈ ਅਤੇ 5 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਦੂਜੀ ਖ਼ੁਰਾਕ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ 5 ਦਿਨਾਂ ਬਾਅਦ ਕੈਨੇਡਾ ਵਿਚ ਲੇਬਰ ਡੇਅ ਹੈ। ਅਜਿਹੇ ਵਿਚ ਸੁਰੱਖਿਆ ਵਾਲਾ ਵਾਤਾਵਰਣ ਸਥਾਪਤ ਕਰਨਾ ਬੇਹੱਦ ਜ਼ਰੂਰੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸ਼ਨੀਵਾਰ ਤੱਕ 70 ਜਾਂ ਉਸ ਤੋਂ ਜ਼ਿਆਦਾ ਉਮਰ ਦੇ 89 ਫ਼ੀਸਦੀ ਬਜ਼ੁਰਗਾਂ ਨੂੰ ਕੋਰੋਨਾ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਮਿਲੀਆਂ ਸਨ ਪਰ 18 ਤੋਂ 29 ਸਾਲ ਦੀ ਉਮਰ ਦੇ ਸਿਰਫ਼ 46 ਫ਼ੀਸਦੀ ਕੈਨੇਡੀਅਨ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਸੀ। ਟੈਮ ਨੇ ਕਿਹਾ ਕਿ ਬਿਹਤਰ ਸੁਰੱਖਿਆ ਲਈ ਸਾਰੇ ਉਮਰ ਸਮੂਹਾਂ ਵਿਚ ਟੀਕਾ ਕਵਰੇਜ 80 ਫ਼ੀਸਦੀ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।