ਕੈਨੇਡਾ ਨੇ ਸਮਲਿੰਗੀ ਪੁਰਸ਼ਾਂ ਨੂੰ ਦਿੱਤੀ ਵੱਡੀ ਰਾਹਤ, PM ਟਰੂਡੋ ਨੇ ਫ਼ੈਸਲੇ ਦਾ ਕੀਤਾ ਸਵਾਗਤ
Friday, Apr 29, 2022 - 10:05 AM (IST)
ਓਟਾਵਾ (ਏਜੰਸੀ): 'ਹੈਲਥ ਕੈਨੇਡਾ' ਨੇ ਸਮਲਿੰਗੀ ਪੁਰਸ਼ਾਂ 'ਤੇ ਖੂਨਦਾਨ ਕਰਨ ਤੋਂ ਪਾਬੰਦੀ ਹਟਾ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਦਮ ਨੂੰ "ਸਾਰੇ ਕੈਨੇਡੀਅਨਾਂ ਲਈ ਚੰਗੀ ਖ਼ਬਰ" ਦੱਸਦਿਆਂ ਕਿਹਾ ਕਿ ਹਾਲਾਂਕਿ ਇਸ ਵਿੱਚ ਲੰਬਾ ਸਮਾਂ ਲੱਗਿਆ। ਟਰੂਡੋ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਪਾਬੰਦੀ 10-15 ਸਾਲ ਪਹਿਲਾਂ ਹਟਾਈ ਜਾਣੀ ਚਾਹੀਦੀ ਸੀ। ਖੋਜ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਨਾਲ ਖੂਨ ਦੀ ਸਪਲਾਈ ਦੀ ਸੁਰੱਖਿਆ 'ਤੇ ਕੋਈ ਅਸਰ ਨਹੀਂ ਪਵੇਗਾ, ਫਿਰ ਵੀ ਪਿਛਲੀਆਂ ਸਰਕਾਰਾਂ ਨੇ ਇਹ ਕਦਮ ਨਹੀਂ ਚੁੱਕਿਆ।
ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਖੂਨਦਾਨ ਨਿਯਮਾਂ ਨੂੰ ਬਦਲਣ ਦੇ ਸੁਰੱਖਿਆ ਪਹਿਲੂਆਂ ਦੀ ਖੋਜ ਕਰਨ ਲਈ 39 ਲੱਖ ਡਾਲਰ ਖਰਚ ਕੀਤੇ ਹਨ ਅਤੇ ਕਈ ਵਿਗਿਆਨਕ ਰਿਪੋਰਟਾਂ ਨੇ ਦਿਖਾਇਆ ਹੈ ਕਿ "ਸਾਡੀ ਖੂਨ ਦੀ ਸਪਲਾਈ ਸੁਰੱਖਿਅਤ ਬਣੀ ਰਹੇਗੀ।" ਬਲੱਡ ਸਰਵਿਸਿਜ਼ ਨੇ ਹੈਲਥ ਕੈਨੇਡਾ ਨੂੰ ਅਜਿਹੀ ਨੀਤੀ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ, ਜਿਸ ਦੇ ਤਹਿਤ ਸਮਲਿੰਗੀਆਂ ਦੁਆਰਾ ਜਿਨਸੀ ਸਬੰਧ ਬਣਾਉਣ ਦੇ ਤਿੰਨ ਮਹੀਨੇ ਤੱਕ ਉਹਨਾਂ ਦੇ ਖੂਨ ਦਾਨ ਕਰਨ 'ਤੇ ਪਾਬੰਦੀ ਸੀ। ਉਹਨਾਂ ਦੀ ਬੇਨਤੀ ਨੂੰ ਮੰਨਦਿਆਂ ਹੈਲਥ ਕੈਨੇਡਾ ਨੇ ਹੁਣ ਇਹ ਪਾਬੰਦੀ ਹਟਾ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਲੁਹਾਨਸਕ, ਡੋਨੇਟਸਕ ਦੇ 203 ਵਿਅਕਤੀਆਂ 'ਤੇ ਲਗਾਈਆਂ ਪਾਬੰਦੀਆਂ
ਇੱਥੇ ਦੱਸ ਦਈਏ ਕਿ 'ਹੈਲਥ ਕੈਨੇਡਾ' ਕੈਨੇਡਾ ਸਰਕਾਰ ਦਾ ਇੱਕ ਵਿਭਾਗ ਹੈ ਜੋ ਰਾਸ਼ਟਰੀ ਸਿਹਤ ਨੀਤੀਆਂ ਬਾਰੇ ਫ਼ੈਸਲੇ ਲੈਂਦਾ ਹੈ। ਇਹ ਨੀਤੀ 1992 ਵਿੱਚ ਲਾਗੂ ਕੀਤੀ ਗਈ ਸੀ। ਇੱਕ ਖੂਨ ਸਕੈਂਡਲ ਦੇ ਬਾਅਦ ਸਮਲਿੰਗੀ ਪੁਰਸ਼ਾਂ ਦੇ ਖੂਨ ਦਾਨ ਕਰਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, ਖੂਨਦਾਨ ਸੰਬੰਧੀ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਗਏ। 2019 ਵਿੱਚ ਇਸ ਪਾਬੰਦੀ ਦੀ ਮਿਆਦ ਘਟਾ ਕੇ ਤਿੰਨ ਮਹੀਨੇ ਕਰ ਦਿੱਤੀ ਗਈ ਸੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰ ਦਿਓ ਰਾਏ।