ਕੈਨੇਡਾ ਦੀ ਆਪਣੇ ਨਾਗਰਿਕਾਂ ਨੂੰ ਵੱਡੀ ਰਾਹਤ, ਅੰਤਰਰਾਸ਼ਟਰੀ ਯਾਤਰਾ ਲਈ ਐਡਵਾਇਜ਼ਰੀ ਹਟਾਈ

Saturday, Oct 23, 2021 - 03:56 PM (IST)

ਕੈਨੇਡਾ ਦੀ ਆਪਣੇ ਨਾਗਰਿਕਾਂ ਨੂੰ ਵੱਡੀ ਰਾਹਤ, ਅੰਤਰਰਾਸ਼ਟਰੀ ਯਾਤਰਾ ਲਈ ਐਡਵਾਇਜ਼ਰੀ ਹਟਾਈ

ਓਟਾਵਾ (ਭਾਸ਼ਾ) : ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਦੇਸ਼ ਦੇ ਬਾਹਰ ਸਾਰੀਆਂ ਗੈਰ-ਜ਼ਰੂਰੀ ਅੰਤਰਰਾਸ਼ਟਰੀ ਯਾਤਰਾਵਾਂ ’ਤੇ ਆਪਣੀ ਐਡਵਾਇਜ਼ਰੀ ਨੂੰ ਹਟਾ ਦਿੱਤਾ ਹੈ, ਜੋ ਪਿਛਲੇ ਸਾਲ ਮਾਰਚ 2020 ਵਿਚ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ ’ਤੇ ਲਾਗੂ ਕੀਤੀ ਗਈ ਸੀ। ਹਰੇਕ ਦੇਸ਼ ਲਈ ਨਵੀਂਆਂ ਐਡਵਾਇਜ਼ਰੀਆਂ ਹੁਣ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਵਾਂਗ ਲਾਗੂ ਹੋਣਗੀਆਂ, ਜਿਵੇਂ ਸੁਰੱਖਿਆ ਸਾਵਧਾਨੀ ਵਰਤੀ ਜਾਵੇ, ਉਚ ਪੱਧਰ ਦੀ ਸਾਵਧਾਨੀ ਵਰਤੀ ਜਾਵੇ ਅਤੇ ਗੈਰ ਜ਼ਰੂਰੀ ਯਾਤਰਾ ਤੋਂ ਬਚਿਆ ਜਾਵੇ ਆਦਿ।

ਇਹ ਵੀ ਪੜ੍ਹੋ : ਸਿਡਨੀ-ਦਿੱਲੀ ਵਿਚਾਲੇ ਜਲਦ ਸ਼ੁਰੂ ਹੋਣਗੀਆਂ ਉਡਾਣਾਂ, ਆਸਟ੍ਰੇਲੀਆ ਦੀ ਏਅਰਲਾਈਨ ਨੇ ਕੀਤਾ ਐਲਾਨ

ਵੀਰਵਾਰ ਨੂੰ ਵਾਪਸ ਲਈ ਗਈ ਐਡਵਾਇਜ਼ਰੀ ਸਰਕਾਰ ਦੀ ਯਾਤਰਾ ਸਲਾਹ ਅਤੇ ਸਲਾਹਕਾਰ ਵੈਬਸਾਈਟ ’ਤੇ ਦੇਖੀ ਜਾ ਸਕਦੀ ਹੈ। ਹਾਲਾਂਕਿ ਸਾਰੀਆਂ ਕਰੂਜ਼ ਯਾਤਰਾਵਾਂ ਲਈ ਇਕ ਵਿਆਪਕ ਐਡਵਾਇਜ਼ਰੀ ਉਸੇ ਤਰ੍ਹਾਂ ਜਾਰੀ ਹੈ। ਉਥੇ ਹੀ ਸਰਕਾਰ ਨੇ ਦਿੱਲੀ ਹਵਾਈਅੱਡੇ ’ਤੇ ਸਥਿਤ ਇਕ ਲੈਬ ਤੋਂ ਡਿਪਾਰਚਰ ਦੇ 18 ਘੰਟੇ ਦੇ ਅੰਦਰ ਨੈਗੇਟਿਵ ਆਰ.ਟੀ-ਪੀ.ਸੀ.ਆਰ. ਟੈਸਟ ਰਿਜ਼ਲਟ ਹਾਸਲ ਕਰਨ ਦੀ ਜ਼ਰੂਰਤ ਨੂੰ ਬਰਕਰਾਰ ਰੱਖਿਆ ਹੈ। 

ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਨੀਤੀ ਮਾਹਿਰ ਨੀਰਾ ਟੰਡਨ ਵ੍ਹਾਈਟ ਹਾਊਸ 'ਚ ਬਣੀ ਸਟਾਫ਼ ਸਕੱਤਰ

ਦੱਸ ਦੇਈਏ ਕਿ ਸ਼ੁੱਕਰਵਾਰ ਤੱਕ ਕੈਨੇਡਾ ਵਿਚ ਕੋਵਿਡ-19 ਦੇ 926 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 1,694,095 ਹੋ ਗਈ ਅਤੇ ਇਨ੍ਹਾਂ ਵਿਚ 28,687 ਮੌਤਾਂ ਵੀ ਸ਼ਾਮਲ ਹਨ। ਉਥੇ ਹੀ 21 ਅਕਤੂਬਰ ਤੱਕ ਦੇਸ਼ ਵਿਚ 64,293,712 ਟੀਕੇ ਦੀਆਂ ਖ਼ੁਰਾਕਾਂ ਵੰਡੀਆਂ ਗਈਆਂ ਹਨ ਅਤੇ ਘੱਟ ਤੋਂ ਘੱਟ 27,816,165 ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਹੈ। ਇਹ ਕੈਨੇਡਾ ਦੀ ਆਬਾਦੀ ਦਾ ਲੱਗਭਗ 73.2 ਫ਼ੀਸਦੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News