ਕਿਊਬੇਕ ''ਚ ਚਾਕੂਬਾਜ਼ੀ ਦੀ ਘਟਨਾ, 2 ਲੋਕਾਂ ਦੀ ਮੌਤ ਤੇ 5 ਜ਼ਖਮੀ
Sunday, Nov 01, 2020 - 06:00 PM (IST)

ਕਿਊਬੇਕ ਸਿਟੀ (ਭਾਸ਼ਾ): ਕੈਨੇਡਾ ਦੇ ਕਿਊਬੇਕ ਸ਼ਹਿਰ ਵਿਚ ਐਤਵਾਰ ਨੂੰ ਚਾਕੂਬਾਜ਼ੀ ਦੀ ਘਟਨਾ ਵਾਪਰੀ।ਇਸ ਹਮਲੇ ਵਿਚ ਘੱਟੋ-ਘੱਟ 2 ਲੋਕ ਮਾਰੇ ਗਏ ਅਤੇ 5 ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਐਦਿਏਨ ਡਾਇਨ ਦੇ ਹਵਾਲੇ ਨਾਲ ਸੀ.ਬੀ.ਸੀ. ਨੇ ਦੱਸਿਆ ਕਿ ਪੀੜਤਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ 'ਚ ਕੋਰੋਨਾਵਾਇਰਸ ਕੇਸਾਂ ਨੇ ਪਾਰ ਕੀਤਾ ਇੱਕ ਮਿਲੀਅਨ ਦਾ ਅੰਕੜਾ
ਉਹਨਾਂ ਨੇ ਅੱਗੇ ਕਿਹਾ ਕਿ ਗ੍ਰਿਫ਼ਤਾਰ 20 ਸਾਲ ਦੇ ਕਰੀਬ ਸ਼ੱਕੀ ਨੂੰ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ ਹੈ। ਡਾਇਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਹ ਹਮਲਾ ਰੂਟੇ ਡੇਸ ਰੈਮਪਰਟਜ਼ ਦੇ ਚੇਟੇਉ ਫ੍ਰੋਂਟੇਨੈਕ ਦੇ ਨੇੜੇ ਹੋਇਆ ਅਤੇ ਸ਼ੱਕੀ ਨੂੰ ਬਾਅਦ ਵਿਚ ਸ਼ਹਿਰ ਦੇ ਓਲਡ ਪੋਰਟ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ। ਹਮਲਾਵਰ ਨੇ ਮੱਧ ਕਾਲੀਨ ਪਹਿਰਾਵੇ ਵਾਲੀ ਪੁਸ਼ਾਕ ਪਹਿਨੀ ਹੋਈ ਸੀ। ਭਾਵੇਂਕਿ ਹੁਣ ਤੱਕ ਹਮਲੇ ਦੇ ਪਿੱਛੇ ਦਾ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ।
ਪੁਲਸ ਨੇ ਕਿਹਾ ਕਿ ਇਹ ਹਮਲੇ ਸੂਬਾਈ ਵਿਧਾਨ ਸਭਾ ਦੇ ਨੇੜੇ ਹੈਲੋਵੀਨ ਦਿਹਾੜੇ 'ਤੇ ਹੋਏ। ਪੁਲਸ ਨੇ ਇਸ ਇਲਾਕੇ ਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ।ਗੌਰਤਲਬ ਹੈ ਕਿ ਹਾਲ ਹੀ ਵਿਚ ਫਰਾਂਸ ਵਿਚ ਕਈ ਥਾਵਾਂ 'ਤੇ ਚਾਕੂਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਨੂੰ ਲੈ ਕੇ ਦੁਨੀਆ ਭਰ ਵਿਚ ਵਿਰੋਧ ਦੀ ਆਵਾਜ਼ ਉੱਠ ਰਹੀ ਹੈ।